June 28, 2024 3:27 pm
Prof. Arvind

ਅਧਿਆਪਕ ਹੀ ਅਸਲ ‘ਚ ਯੂਨੀਵਰਸਿਟੀ ਹੁੰਦੇ ਹਨ: ਵਾਈਸ ਚਾਂਸਲਰ ਪ੍ਰੋ. ਅਰਵਿੰਦ

ਪਟਿਆਲਾ, 01 ਅਗਸਤ 2023: ਨਵੇਂ ਅਕਾਦਮਿਕ ਸੈਸ਼ਨ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ (Prof. Arvind) ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਸਮੁੱਚੀ ਫ਼ੈਕਲਟੀ ਨੂੰ ਸੰਬੋਧਨ ਕੀਤਾ ਗਿਆ। ਆਨਲਾਈਨ ਵਿਧੀ ਰਾਹੀਂ ਮੁਖਾਤਿਬ ਹੁੰਦਿਆਂ ਉਨ੍ਹਾਂ ਨਵੇਂ ਸੈਸ਼ਨ ਵਿੱਚ ਦਰਪੇਸ਼ ਚੁਣੌਤੀਆਂ, ਸੰਭਾਵਨਾਵਾਂ, ਉਮੀਦਾਂ, ਫਰਜ਼ਾਂ ਆਦਿ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਨਵੇਂ ਅਕਾਦਮਿਕ ਸੈਸ਼ਨ ਵਿੱਚ ਸਭ ਦਾ ਰਸਮੀ ਰੂਪ ਵਿੱਚ ਸਵਾਗਤ ਕੀਤਾ। ਉਨ੍ਹਾਂ ਖੁਸ਼ੀ ਸਾਂਝੀ ਕੀਤੀ ਕਿ ਇਸ ਵਾਰ ਯੂਨੀਵਰਸਿਟੀ ਦੇ ਦਾਖਲਿਆਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਰੁਝਾਨ ਦੇ ਉਲਟ ਸਾਡੇ ਇੰਜਨੀਅਰਿੰਗ ਕੋਰਸਾਂ ਦੇ ਦਾਖਲੇ ਵਿੱਚ ਵਾਧਾ ਹੋਣਾ ਇੱਕ ਸ਼ੁਭ ਸੰਕੇਤ ਹੈ ਜੋ ਸਾਡਾ ਆਪਣੀ ਸਮਰਥਾ ਵਿੱਚ ਹੋਰ ਵਿਸ਼ਵਾਸ਼ ਪੈਦਾ ਕਰਦਾ ਹੈ। ਉਨ੍ਹਾਂ ਸੁਝਾਇਆ ਕਿ ਸਾਨੂੰ ਇੰਜਨੀਅਰਿੰਗ ਜਿਹੇ ਕੋਰਸਾਂ ਵਿੱਚ ਖੋਜ ਨੂੰ ਵੱਡੇ ਪੱਧਰ ਉੱਤੇ ਸ਼ਾਮਿਲ ਕਰ ਕੇ ਆਪਣੀ ਵਿਲੱਖਣਤਾ ਪੈਦਾ ਕਰਨੀ ਚਾਹੀਦੀ ਹੈ।

ਅੰਡਰ ਗਰੈਜੂਏਟ ਕੋਰਸਾਂ ਦੇ ਦਾਖਲਿਆਂ ਵਿੱਚ ਵਾਧਾ ਹੋਣ ਨੂੰ ‘ਵਿਸ਼ੇਸ਼ ਤੌਰ ਉੱਤੇ ਖੁਸ਼ੀ ਦੀ ਗੱਲ’ ਐਲਾਨਦਿਆਂ ਉਨ੍ਹਾਂ ਕਿਹਾ ਕਿ ਇਹ ਕੋਰਸ ਆਉਣ ਵਾਲੇ ਸਮੇਂ ਵਿੱਚ ਸਾਡੇ ਕੋਲ਼ ਪ੍ਰਤਿਭਾਵਾਨ ਵਿਦਵਾਨ ਪੈਦਾ ਕਰਨਗੇ। ਉਨ੍ਹਾਂ 1940ਵਿਆਂ ਦੇ ਲਾਹੌਰ ਦਾ ਹਵਾਲਾ ਦਿੱਤਾ ਜਿੱਥੇ ਅਜਿਹੇ ਕੋਰਸਾਂ ਵਾਲੇ ਮਾਹੌਲ ਨੇ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਸਿਰਕੱਢ ਵਿਦਵਾਨ ਦਿੱਤੇ ਸਨ ਜੋ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਨਾਲ਼ ਅਸਰਅੰਦਾਜ਼ ਹੋਏ।

ਇੱਕ ਵਿਸ਼ੇਸ਼ ਟਿੱਪਣੀ ਦੌਰਾਨ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੋਂ ਭਾਵ ਇਸ ਦੇ ਅਧਿਆਪਕ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਨਵੇਂ ਸੈਸ਼ਨ ਦੀ ਸ਼ੁਰੂਅਤ ਮੌਕੇ ਆਪੋ ਆਪਣੇ ਫਰਜ਼ਾਂ ਪ੍ਰਤੀ ਹੋਰ ਵਧੇਰੇ ਜਿ਼ੰਮੇਵਾਰੀ ਨਾਲ਼ ਪੇਸ਼ ਆਉਣ ਦਾ ਅਹਿਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸੈਸ਼ਨ ਵਿੱਚ ਅਸੀਂ ਨਵੀਆਂ ਪੈੜਾਂ ਪਾਉਣੀਆਂ ਹਨ। ਅਜਿਹਾ ਕਰਨਾ ਸਾਡੀ ਸਭ ਦੀ ਸਾਂਝੀ ਜਿ਼ੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੂਬਾ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿੱਚ ਵਾਧਾ ਕਰ ਕੇ ਤਨਖਾਹਾਂ ਦਾ ਮਸਲਾ ਹੱਲ ਕਰ ਦਿੱਤਾ ਗਿਆ ਹੈ ਤਾਂ ਸਾਡੀ ਜਿ਼ੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਇਹ ਵਧੀ ਹੋਈ ਜਿ਼ੰਮੇਵਾਰੀ ਅਸਲ ਵਿੱਚ ਇਸ ਸੈਸ਼ਨ ਤੋਂ ਸ਼ੁਰੂ ਹੋਈ ਹੈ।

ਉਨ੍ਹਾਂ (Prof. Arvind) ਕਿਹਾ ਕਿ ਸਾਨੂੰ ਸਭ ਨੂੰ ਆਪੋ ਆਪਣੇ ਪੱਧਰ ਉੱਤੇ ਛੋਟੇ ਛੋਟੇ ਕਦਮ ਚੁੱਕ ਕੇ ਯੂਨੀਵਰਸਿਟੀ ਦੀ ਬਿਹਤਰੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਆਪਣੀ ਖੁਦ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੋ ਛੋਟੇ ਕਦਮ ਇਹ ਚੁੱਕੇ ਹਨ ਕਿ ਇੱਕ ਤਾਂ ਉਹ ਆਪਣੇ ਵਿਗਿਆਨ ਖੇਤਰ ਵਿੱਚ ਜੋ ਵੀ ਖੋਜ ਪੱਤਰ ਦੁਨੀਆਂ ਦੇ ਕਿਸੇ ਵੀ ਰਸਾਲੇ ਵਿੱਚ ਛਪਵਾਉਂਦੇ ਹਨ ਤਾਂ ਆਪਣੇ ਨਾਮ ਨਾਲ਼ ਪੰਜਾਬੀ ਯੂਨੀਵਰਸਿਟੀ ਨੂੰ ਜੋੜ ਕੇ ਲਿਖਦੇ ਹਨ ਅਤੇ ਦੂਜਾ ਉਹ ਆਪਣੇ ਵਾਈਸ ਚਾਂਸਲਰ ਵਜੋਂ ਕੰਮ ਦੇ ਨਾਲ਼ ਨਾਲ਼ ਇੱਥੇ ਅਧਿਆਪਨ ਦਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਤਰ੍ਹਾਂ ਦੇ ਛੋਟੇ ਛੋਟੇ ਕਦਮ ਉਠਾਉਣੇ ਚਾਹੀਦੇ ਹਨ।

ਯੂਨੀਵਰਸਿਟੀ ਦੀ ਨੈਕ ਦਰਜਾਬੰਦੀ ਬਾਰੇ ਗੱਲ ਕਰਦਿਆਂ ਕਿਹਾ ਕਿ ਨਿਰਸੰਦੇਹ ਇਹ ਯੂਨੀਵਰਸਿਟੀ ਇੱਕ ਬਹੁਤ ਚੰਗੀ ਦਰਜਾਬੰਦੀ ਦਾ ਹੱਕ ਰਖਦੀ ਹੈ। ਇਸ ਲਈ ਸਾਨੂੰ ਜ਼ਰੂਰੀ ਕਾਗਜ਼ਾਤ ਦਾ ਢੁਕਵਾਂ ਦਸਤਾਵੇਜ਼ੀਕਰਣ ਅਤੇ ਪੇਸ਼ਕਾਰੀ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਸ ਵਾਰ ਨੈਕ ਦਾ ਚੰਗਾ ਦਰਜਾ ਪ੍ਰਾਪਤ ਕਰ ਸਕੀਏ।

ਉਨ੍ਹਾਂ ਕਿਹਾ ਕਿ ਦਰਅਸਲ ਯੂਨੀਵਰਸਿਟੀ ਨੂੰ ਸਿਰਫ਼ ਇੱਕ ਅਕਾਦਮਿਕ ਸੈਸ਼ਨ ਬਾਰੇ ਹੀ ਨਹੀਂ ਬਲਕਿ ਆਉਣ ਵਾਲੇ ਘੱਟੋ ਘੱਟ 60 ਸਾਲਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਆਉਣ ਵਾਲੇ ਇਸ ਸਮੇਂ ਵਿੱਚ ਯੂਨੀਵਰਸਿਟੀ ਦਾ ਸਰੂਪ ਅਤੇ ਭੂਮਿਕਾ ਕਿਹੋ ਜਿਹੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ, ਅਧਿਆਪਕ, ਕਰਮਚਾਰੀ ਜਾਂ ਸਰਕਾਰਾਂ ਦੀ ਅਦਲਾ ਬਦਲੀ ਹੁੰਦੀ ਹੀ ਰਹਿਣੀ ਹੈ ਪਰ ਯੂਨੀਵਰਸਿਟੀ ਹਮੇਸ਼ਾ ਬਣੀ ਰਹਿਣੀ ਹੈ।

ਉਨ੍ਹਾਂ ਕਿਹਾ ਕਿ ਹਰੇਕ ਅਧਿਆਪਕ ਸਭ ਤੋਂ ਪਹਿਲਾਂ ਇੱਕ ਮਨੁੱਖ ਵੀ ਹੈ। ਇਸ ਲਈ ਸਾਨੂੰ ਇੱਕ ਮਨੁੱਖ ਵਜੋਂ ਮਨੁੱਖਤਾ ਦੀ ਭਲਾਈ ਹਿਤ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।