ਚੰਡੀਗੜ੍ਹ, 28 ਅਕਤੂਬਰ 2024: ਪੰਜਾਬ ਦੇ ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ (Tarunpreet Singh Sond ) ਨੇ ਅੱਜ ਚੰਡੀਗੜ੍ਹ ਸੈਕਟਰ-39 ਵਿਖੇ ਇੱਕ ਅਹਿਮ ਪ੍ਰੈਸ ਵਾਰਤਾ ਕੀਤੀ ਹੈ | ਇਸ ਦੌਰਾਨ ਤਰੁਣਪ੍ਰੀਤ ਸਿੰਘ ਨੇ ਪੰਜਾਬ ‘ਚ ਨਸ਼ਿਆਂ (drugs) ਦੀ ਰੋਕਥਾਮ ‘ਤੇ ਅਹਿਮ ਚਰਚਾ ਕਰਦਿਆਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ‘ਤੇ ਤਿੱਖੇ ਸ਼ਬਦੀ ਹਮਲਾ ਕੀਤਾ ਹੈ |
ਇਸ ਦੌਰਾਨ ਉਨ੍ਹਾਂ ਨੇ 105 ਕਿੱਲੋ ਹੈਰੋਇਨ ਅਤੇ ਉਕਤ ਮਾਮਲੇ ‘ਚ ਕਥਿਤ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦੀ ਖ਼ਬਰ ਦੀ ਇੱਕ ਕਟਿੰਗ ਮੀਡੀਆ ਨੂੰ ਦਿਖਾ ਕੇ ਕਿਹਾ ਕਿ ਇਹ ਖਬਰਾਂ ਭਾਜਪਾ ਅਤੇ ਕਾਂਗਰਸ ਦਾ ਪਰਦਾਫਾਸ਼ ਕਰਦੀਆਂ ਹਨ।
ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ (Tarunpreet Singh Sond) ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਹਾਲ ‘ਚ ਅੰਮ੍ਰਿਤਸਰ ਦੇ ਬਾਬਾ ਬਕਾਲਾ ‘ਚ ਕਾਂਗਰਸ ਦੇ ਸਰਕਲ ਪ੍ਰਧਾਨ ਨਵਜੋਤ ਸਿੰਘ ਲਾਹੌਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ 105 ਕਿਲੋ ਹੈਰੋਇਨ, 31.93 ਕਿਲੋ ਕੈਫੀਨ, 17 ਕਿਲੋ ਡੀਐਮਆਰ, 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਪਿਸਤੌਲ ਬਰਾਮਦ ਹੋਇਆ ਹੈ।
ਉਨ੍ਹਾਂ ਕਿ ਇਹ ਬਹੁਤ ਮਸਲਾ ਹੈ ਕਿ ਕਾਂਗਰਸ ਵਰਗੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਕੋਲੋਂ ਇੰਨੀ ਮਾਤਰਾ ‘ਚ ਨਸ਼ੀਲੇ ਪਦਾਰਥ (drugs) ਮਿਲੇ ਹਨ। ਉਨ੍ਹਾਂ ਕਿਹਾ ਕਿ ਪਰ ਮਾਮਲਾ ਉਦੋਂ ਗੰਭੀਰ ਹੋ ਜਾਂਦਾ ਹੈ ਜਦੋਂ ਜਾਂਚ ‘ਚ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਉਕਤ ਖੇਪ ਪਹਿਲਾਂ ਜੰਮੂ ਅਤੇ ਉਥੋਂ ਪੰਜਾਬ ਪਹੁੰਚੀ। ਮੰਤਰੀ ਨੇ ਦੱਸਿਆ ਕਿ ਉਕਤ ਖੇਪ ਦੀ ਬਾਜ਼ਾਰੀ ਕੀਮਤ ਕਰੀਬ 500 ਕਰੋੜ ਰੁਪਏ ਹੈ।
ਇਸਦੇ ਨਾਲ ਹੀ ਫ਼ਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਤਰੁਨਪ੍ਰੀਤ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ।
ਜਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਤੁਰਕੀ ਅਧਾਰਿਤ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਦੋ ਸਾਥੀਆਂ ਨੂੰ 105 ਕਿਲੋ ਹੈਰੋਇਨ ਅਤੇ ਪੰਜ ਵਿਦੇਸ਼ੀ ਪਿਸਤੌਲਾਂ ਸਮੇਤ ਛੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਰਹੱਦ ‘ਤੇ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਦਿੱਤੀ ਹੈ ।
ਪੁਲਿਸ ਦੁਆਰਾ ਫੜੇ ਗਏ ਵਿਅਕਤੀਆਂ ਦੀ ਪਛਾਣ ਨਵਜੋਤ ਸਿੰਘ ਵਾਸੀ ਬਾਬਾ ਬਕਾਲਾ, ਅੰਮ੍ਰਿਤਸਰ ਅਤੇ ਲਵਪ੍ਰੀਤ ਕੁਮਾਰ ਵਾਸੀ ਕਾਲਾ ਸੰਘਿਆਂ, ਕਪੂਰਥਲਾ ਵਜੋਂ ਹੋਈ ਹੈ।
ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ‘ਚੋਂ 31.93 ਕਿਲੋ ਕੈਫੀਨ ਐਨਹਾਈਡ੍ਰਸ ਅਤੇ 17 ਕਿਲੋ ਡੈਕਸਟ੍ਰੋਮੇਥੋਰਫਾਨ (ਡੀਐਮਆਰ) ਸਮੇਤ ਵੱਡੀ ਮਾਤਰਾ ‘ਚ ਪਾਬੰਦੀਸ਼ੁਦਾ ਦਵਾਈਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਇਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਕੇ ਹੈਰੋਇਨ ਦੀ ਮਾਤਰਾ ਚਾਰ ਗੁਣਾ ਵਧਾ ਰਹੇ ਸਨ।
ਇਸ ਅਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਵਿਦੇਸ਼ੀ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਆਪਣੇ ਸਾਥੀਆਂ ਰਾਹੀਂ ਪਾਕਿਸਤਾਨ ਸਥਿਤ ਸਰਹੱਦ ਪਾਰ ਨਸ਼ਾ ਤਸਕਰੀ (drugs) ਦਾ ਰੈਕੇਟ ਚਲਾ ਰਿਹਾ ਹੈ। ਇਹ ਵੀ ਖੁਲਾਸਾ ਹੋਇਆ ਕਿ ਉਸ ਦੇ ਸਾਥੀ ਕਾਲੋਨੀ ਲੇਡੀ ਰੋਡ ਬਾਬਾ ਬਕਾਲਾ ‘ਚ ਕਿਰਾਏ ਦੇ ਮਕਾਨ’ਚ ਰਹਿ ਰਹੇ ਸਨ।
ਪੁਲਿਸ ਨੇ ਬਾਬਾ ਬਕਾਲਾ ਇਲਾਕੇ ‘ਚ ਵਿਸ਼ੇਸ਼ ਨਾਕਾ ਲਗਾ ਕੇ ਕਥਿਤ ਦੋਸ਼ੀ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੀ ਵੋਕਸਵੈਗਨ ਵਰਟਸ ਕਾਰ (ਪੀ.ਬੀ.02-ਡੀ.ਵਾਈ.-3031) ਨੂੰ ਜ਼ਬਤ ਕਰ ਲਿਆ , ਜਿਸ ‘ਚ ਉਹ ਸਵਾਰ ਸਨ, ਉਨ੍ਹਾਂ ਨੂੰ ਕਾਬੂ ਕਰ ਕੇ 7 ਕਿਲੋ ਹੈਰੋਇਨ ਬਰਾਮਦ ਕੀਤੀ।
ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਟੀਮਾਂ ਨੇ ਉਨ੍ਹਾਂ ਦੇ ਕਿਰਾਏ ਦੀ ਰਿਹਾਇਸ਼ ਤੋਂ ਬਾਕੀ ਬਚੀ 98 ਕਿਲੋ ਹੈਰੋਇਨ ਸਮੇਤ ਹਥਿਆਰ, ਕੈਫੀਨ ਐਨਹਾਈਡ੍ਰਸ ਅਤੇ ਡੀ.ਐਮ.ਆਰ. ਬਰਾਮਦ ਕੀਤੀ ਹੈ |