ਚੰਡੀਗ੍ਹੜ, 26 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 26 ਜਨਵਰੀ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮੈਦਾਨ ਵਿੱਚ ਗਣਤੰਤਰ ਦਿਹਾੜੇ (Republic Day) ਮੌਕੇ ਤਿਰੰਗਾ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਗਣਤੰਤਰ ਦਿਹਾੜਾ ਪੰਜਾਬ ਕਰਕੇ ਆਇਆ ਹੈ। ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ, ਫਿਰ ਗਣਤੰਤਰ ਦਿਹਾੜਾ ਆਇਆ। ਇਸ ਲਈ ਅਸੀਂ ਗਣਤੰਤਰ ਦਿਹਾੜਾ ਵਿਸ਼ੇਸ਼ ਤੌਰ ‘ਤੇ ਮਨਾਉਂਦੇ ਹਾਂ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਤੌਰ ‘ਤੇ ਕਿਹਾ ਕਿ ਉਨ੍ਹਾਂ ਦੀ ਘਰਵਾਲੀ ਡਾਕਟਰ ਗੁਰਪ੍ਰੀਤ ਕੌਰ ਗਰਭਵਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 7 ਮਹੀਨੇ ਦੀ ਗਰਭਵਤੀ ਹੈ ਅਤੇ ਮਾਰਚ ਮਹੀਨੇ ‘ਚ ਉਨ੍ਹਾਂ ਦੇ ਘਰ ਖੁਸ਼ੀ ਆਵੇਗੀ। ਪਰ ਅੱਜ ਤੱਕ ਉਨ੍ਹਾਂ ਨੇ ਟੈਸਟ ਨਹੀਂ ਕਰਵਾਇਆ। ਉਹ ਚਾਹੁੰਦੇ ਹਨ ਕਿ ਜੋ ਵੀ ਉਨ੍ਹਾਂ ਦੇ ਘਰ ਆਵੇ ਉਹ ਸਿਹਤਮੰਦ ਰਹੇ।
ਇਸ ਦੇ ਨਾਲ ਹੀ ਗਣਤੰਤਰ ਦਿਹਾੜੇ (Republic Day) ਮੌਕੇ ਰਾਜਪਥ ‘ਤੇ ਪੰਜਾਬ ਦੀ ਝਾਕੀਆਂ ਨਾ ਦਿਖਾਉਣ ਦੇ ਫੈਸਲੇ ‘ਤੇ ਵੀ ਸੀਐਮ ਨੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ- ਕੂਕਾ ਲਹਿਰ ਹੋਵੇ, ਅਕਾਲੀ ਲਹਿਰ ਹੋਵੇ, ਪਗੜੀ ਸੰਭਾਲ ਜੱਟਾ ਹੋਵੇ, ਕਾਮਾਗਾਟਾ ਮਾਰੂ ਹੋਵੇ, ਇਹ ਸਾਰੀਆਂ ਲਹਿਰਾਂ ਪੰਜਾਬ ਵਿੱਚੋਂ ਆਈਆਂ ਹਨ। ਇਸੇ ਲਈ ਇਹ ਪੰਜਾਬ ਲਈ ਖਾਸ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ 25 ਜਨਵਰੀ ਅਤੇ 15 ਅਗਸਤ ਨੂੰ ਪੰਜਾਬ ਦੀ ਝਾਕੀ ਹਟਾ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਲੁਧਿਆਣਾ ਵਿਖੇ ਗਣਤੰਤਰ ਦਿਹਾੜੇ ਦੀ ਪਰੇਡ ਮੌਕੇ ਅਸੀਂ ਕੇਂਦਰ ਵੱਲੋਂ ਖਾਰਜ ਕੀਤੀਆਂ ਝਾਕੀਆਂ ਲੋਕਾਂ ਨੂੰ ਵਿਖਾਈਆਂ, ਅੱਜ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀ ਇਹ ਝਾਕੀਆਂ ਵੇਖ ਰਹੇ ਹਨ, ਤੁਸੀ ਵੀ ਵੇਖੋ ਤੇ ਦੱਸੋ ਇਹਨਾਂ ‘ਚ ਕੀ ਗਲਤ ਹੈ ?