ਮਲੋਟ 13 ਫਰਵਰੀ 2024: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗੌਰਵਸ਼ਾਲੀ ਵਿਰਸੇ ਅਤੇ ਇਤਿਹਾਸ ਨੂੰ ਦਰਸਾਉਂਦੀਆਂ ਸ਼ਾਨਦਾਰ ਝਾਕੀਆਂ (tableaus) ਤਿਆਰ ਕਰਵਾਈਆਂ ਗਈਆਂ ਹਨ ਜੋ ਕਿ ਅੱਜ ਮਲੋਟ ਉਪਮੰਡਲ ਵਿੱਚ ਪਹੁੰਚੀਆਂ। ਇਸ ਮੌਕੇ ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਹਨਾਂ ਦਾ ਸਵਾਗਤ ਕੀਤਾ ਅਤੇ ਇਹਨਾਂ ਝਾਕੀਆਂ ਨੂੰ ਅਗਲੇ ਪੜਾਅ ਲਈ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਝਾਕੀ ਨੂੰ ਭਾਰਤ ਸਰਕਾਰ ਵੱਲੋਂ 26 ਜਨਵਰੀ ਨੂੰ ਵਿਖਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਤਿੰਨ ਝਾਕੀਆਂ ਦਾ ਸੈੱਟ ਤਿਆਰ ਕਰਕੇ ਸਾਰੇ ਪੰਜਾਬ ਵਿੱਚ ਭੇਜਣ ਦਾ ਫੈਸਲਾ ਕੀਤਾ ਤਾਂ ਜੋ ਲੋਕ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਅਤੇ ਵਿਰਸੇ ਤੋਂ ਜਾਣੂੰ ਹੋ ਸਕਣ ।
ਇਸ ਮੌਕੇ ਉਹਨਾਂ ਦੱਸਿਆ ਕਿ ਇਸ ਦੇ ਵਿੱਚ ਇੱਕ ਝਾਕੀ (tableaus) ਪੰਜਾਬ ਦੇ ਲੋਕਾਂ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਨੂੰ ਦਰਸਾਉਂਦੀ ਹੈ ਜਦਕਿ ਦੂਜੀ ਝਾਕੀ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਮਹਿਲਾ ਸਸ਼ਕਤੀਕਰਨ ਤੇ ਅਧਾਰਿਤ ਮਾਈ ਭਾਗੋ ਦੀ ਝਾਕੀ ਹੈ ਜੋ ਕਿ ਔਰਤਾਂ ਦੇ ਸਮਾਜ ਵਿੱਚ ਬੜਮੁੱਲੇ ਯੋਗਦਾਨ ਨੂੰ ਦਰਸਾਉਂਦੀ ਹੈ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਉਤਸ਼ਾਹ ਨਾਲ ਝਾਕੀਆਂ ਨੂੰ ਵੇਖਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਰਿੰਦਰ ਸਿੰਘ ਢਿੱਲੋਂ, ਰਮੇਸ਼ ਅਰਨੀਵਾਲਾ, ਐਡਵੋਕੇਟ ਗੁਰਭੇਜ ਸਿੰਘ ਮਲੋਟ, ਗਗਨਦੀਪ ਸਿੰਘ ਔਲਖ, ਕੁਲਵਿੰਦਰ ਸਿੰਘ ਬਰਾੜ, ਯਾਦਵਿੰਦਰ ਸਿੰਘ ਸੋਹਣਾ, ਰਕੇਸ਼ ਕੁਮਾਰ ਬੰਟੀ, ਅਮਰੀਕ ਸਿੰਘ ਭੁੱਲਰ, ਗੁਰ ਭਗਤ ਸਿੰਘ ਅਤੇ ਅਰਸ਼ ਬਰਾੜ ਵੀ ਹਾਜ਼ਰ ਸਨ।