ਚੰਡੀਗੜ੍ਹ, 18 ਜੂਨ 2024: ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਦਾ ਆਖਰੀ ਮੈਚ ਮੰਗਲਵਾਰ ਨੂੰ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ। ਇਸ ਮੈਚ ‘ਚ ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ (Nicholas Pooran) ਨੇ ਧਮਾਕੇਦਾਰ ਪ੍ਰਦਰਸ਼ਨ ਕੀਤਾ। ਪੂਰਨ ਨੇ ਵਿਰੋਧੀ ਟੀਮ ਵਿਰੁੱਧ 98 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਇਸ ਤੋਂ ਇਲਾਵਾ ਉਸ ਨੇ ਇਕ ਓਵਰ ‘ਚ 36 ਦੌੜਾਂ ਬਣਾ ਕੇ ਯੁਵਰਾਜ ਸਿੰਘ ਦੀ ਬਰਾਬਰੀ ਕਰ ਲਈ ਹੈ।
ਇਸ ਮੈਚ ‘ਚ ਨਿਕੋਲਸ ਪੂਰਨ ਨੇ 53 ਗੇਂਦਾਂ ਦਾ ਸਾਹਮਣਾ ਕੀਤਾ ਅਤੇ 98 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ ਛੇ ਚੌਕੇ ਤੇ ਅੱਠ ਛੱਕੇ ਆਏ। ਇਸ ਦੇ ਨਾਲ ਹੀ ਉਸ ਦਾ ਸਟ੍ਰਾਈਕ ਰੇਟ 184.90 ਰਿਹਾ।
ਦਰਅਸਲ ਯੁਵਰਾਜ ਸਿੰਘ ਨੇ ਸਾਲ 2007 ‘ਚ ਸਟੂਅਰਟ ਬ੍ਰਾਡ ਖਿਲਾਫ ਇਕ ਓਵਰ ‘ਚ 6 ਛੱਕੇ ਲਗਾਏ ਸਨ। ਹੁਣ ਪੂਰਨ ਨੇ ਅਫਗਾਨਿਸਤਾਨ ਦੇ ਕਰੀਮ ਜਨਤ ਖ਼ਿਲਾਫ਼ ਇਕ ਓਵਰ ‘ਚ 36 ਦੌੜਾਂ ਬਣਾਈਆਂ। ਇਸ ਸੂਚੀ ‘ਚ ਯੁਵਰਾਜ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਰਿੰਕੂ ਸਿੰਘ ਵੀ ਸ਼ਾਮਲ ਹਨ।
ਟੀ-20 ਵਿਸ਼ਵ ਕੱਪ 2024 ਦਾ 40ਵਾਂ ਮੈਚ ਡੇਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ‘ਚ ਨਿਕੋਲਸ ਪੂਰਨ (Nicholas Pooran) ਦੀ 98 ਦੌੜਾਂ ਦੀ ਦਮਦਾਰ ਪਾਰੀ ਦੀ ਬਦੌਲਤ ਵੈਸਟਇੰਡੀਜ਼ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 218 ਦੌੜਾਂ ਬਣਾਈਆਂ। ਜਵਾਬ ‘ਚ ਅਫਗਾਨਿਸਤਾਨ ਦੀ ਟੀਮ 16.2 ਓਵਰਾਂ ‘ਚ 114 ਦੌੜਾਂ ‘ਤੇ ਆਲ ਆਊਟ ਹੋ ਗਈ। ਇਬਰਾਹਿਮ ਜ਼ਾਦਰਾਨ (38) ਤੋਂ ਇਲਾਵਾ ਉਨ੍ਹਾਂ ਦਾ ਕੋਈ ਵੀ ਬੱਲੇਬਾਜ਼ ਨਹੀਂ ਖੇਡਿਆ। ਇਸ ਨਾਲ ਵੈਸਟਇੰਡੀਜ਼ ਨੇ ਇਹ ਮੈਚ 104 ਦੌੜਾਂ ਨਾਲ ਜਿੱਤ ਲਿਆ। ਅਫਗਾਨਿਸਤਾਨ ਨੂੰ ਇਸ ਟੂਰਨਾਮੈਂਟ ‘ਚ ਪਹਿਲੀ ਹਾਰ ਮਿਲੀ।