ਚੰਡੀਗੜ੍ਹ, 31 ਮਈ 2024: ਭਾਰਤ ਨੂੰ ਟੀ-20 ਵਿਸ਼ਵ ਕੱਪ 2024 (T20 World Cup 2024) ‘ਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ 1 ਜੂਨ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਇਕਲੌਤਾ ਅਭਿਆਸ ਮੈਚ ਖੇਡਣਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਦਾ ਧਿਆਨ ਅਭਿਆਸ ਮੈਚ ਦੌਰਾਨ ਨਿਊਯਾਰਕ ਦੇ ਹਲਾਤ ਨੂੰ ਸਮਝਣ ‘ਤੇ ਰਹੇਗਾ ਕਿਉਂਕਿ ਟੀਮ ਨੇ ਇੱਥੇ ਪਹਿਲਾਂ ਕਦੇ ਕੋਈ ਮੈਚ ਨਹੀਂ ਖੇਡਿਆ ਹੈ।
ਆਇਰਲੈਂਡ ਖ਼ਿਲਾਫ਼ ਸ਼ੁਰੂਆਤੀ ਮੈਚ ਤੋਂ ਪਹਿਲਾਂ ਭਾਰਤ ਲਈ ਬੰਗਲਾਦੇਸ਼ ਖ਼ਿਲਾਫ਼ ਅਭਿਆਸ ਮੈਚ ਬਹੁਤ ਮਹੱਤਵਪੂਰਨ ਹੋਵੇਗਾ। ਰੋਹਿਤ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਟੀ-20 ਵਿਸ਼ਵ ਕੱਪ (T20 World Cup 2024) ਤੋਂ ਪਹਿਲਾਂ ਟੀਮ ਲਈ ਫਾਰਮ ਵਿਚ ਵਾਪਸ ਆਉਣਾ ਕਿੰਨਾ ਜ਼ਰੂਰੀ ਹੈ ਅਤੇ ਖਿਡਾਰੀ ਅਭਿਆਸ ਮੈਚਾਂ ਦੌਰਾਨ ਅਨੁਕੂਲ ਹੋਣਾ ਚਾਹੁਣਗੇ।
ਭਾਰਤੀ ਕਪਤਾਨ ਨੇ ਆਈਸੀਸੀ ਵੱਲੋਂ ਜਾਰੀ ਵੀਡੀਓ ਵਿੱਚ ਕਿਹਾ, ਸਾਡੇ ਲਈ ਟੂਰਨਾਮੈਂਟ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਨੂੰ ਸਮਝਣਾ ਵਧੇਰੇ ਮਹੱਤਵਪੂਰਨ ਹੋਵੇਗਾ ਕਿਉਂਕਿ ਅਸੀਂ ਇੱਥੇ ਪਹਿਲਾਂ ਕੋਈ ਮੈਚ ਨਹੀਂ ਖੇਡਿਆ ਹੈ। ਅਸੀਂ 5 ਜੂਨ ਨੂੰ ਹੋਣ ਵਾਲੇ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਇੱਥੋਂ ਦੇ ਹਲਾਤ ਮੁਤਾਬਕ ਢਲਣ ਦੀ ਕੋਸ਼ਿਸ਼ ਕਰਾਂਗੇ। ਇਹ ਸਿਰਫ ਲੈਅ ਵਿੱਚ ਆਉਣ ਅਤੇ ਮੈਦਾਨ ਨੂੰ ਸਮਝਣ ਬਾਰੇ ਹੈ।