ਚੰਡੀਗੜ੍ਹ, 03 ਅਕਤੂਬਰ 2024: ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ 2024 (Women’s T20 Cricket World Cup) ਦਾ ਅੱਜ ਆਗਾਜ਼ ਹੋਣ ਜਾ ਰਿਹਾ ਹੈ | ਇਹ ਟੂਰਨਾਮੈਂਟ ਬੰਗਲਾਦੇਸ਼ ‘ਚ ਹੋਣਾ ਸੀ, ਪਰ ਉੱਥੋਂ ਦੇ ਘਰੇਲੂ ਹਲਾਤ ਕਾਰਨ ਆਈਸੀਸੀ ਨੇ ਆਖਰੀ ਸਮੇਂ ‘ਤੇ ਇਸ ਨੂੰ ਯੂਏਈ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਹੁਣ ਤੱਕ ਹੋਏ ਕੁੱਲ ਅੱਠ ਟੀ-20 ਵਿਸ਼ਵ ਕੱਪਾਂ ਵਿੱਚ ਸਿਰਫ਼ ਆਸਟਰੇਲੀਆ ਛੇ ਵਾਰ ਅਤੇ ਇੰਗਲੈਂਡ ਅਤੇ ਵੈਸਟਇੰਡੀਜ਼ ਨੇ ਇੱਕ-ਇੱਕ ਵਾਰ ਜਿੱਤ ਦਰਜ ਕੀਤੀ ਹੈ। ਭਾਰਤ ਸਮੇਤ ਕੋਈ ਹੋਰ ਦੇਸ਼ ਹੁਣ ਤੱਕ ਟੀ-20 ਚੈਂਪੀਅਨ ਨਹੀਂ ਬਣ ਸਕਿਆ ਹੈ। ਹਾਲਾਂਕਿ ਇਸ ਵਾਰ ਆਸਟ੍ਰੇਲੀਆ ਦਾ ਰਾਹ ਆਸਾਨ ਨਹੀਂ ਮੰਨਿਆ ਜਾ ਰਿਹਾ ਹੈ। ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਰਤੀ ਟੀਮ ਨਾਲ ਨਜਿੱਠਣ ਦੀ ਹੋਵੇਗੀ।
ਅੱਜ ਦੇ ਮੈਚ ਵਿਸ਼ਵ ਕੱਪ (Women’s T20 Cricket World Cup) ਦੇ ਪਹਿਲੇ ਦਿਨ ਬੰਗਲਾਦੇਸ਼ ਦਾ ਸਕਾਟਲੈਂਡ ਨਾਲ ਦੁਪਹਿਰ 3:30 ਵਜੇ ਮੁਕਾਬਲਾ ਹੋਵੇਗਾ | ਇਸਦੇ ਨਾਲ ਹੀ ਪਾਕਿਸਤਾਨ ਦਾ ਸ਼੍ਰੀਲੰਕਾ ਨਾਲ 7.30 ਵਜੇ ਤੋਂ ਬਾਅਦ ਮੁਕਾਬਲਾ ਹੋਵੇਗਾ | ਭਾਰਤ ਭਲਕੇ ਯਾਨੀ 4 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਪਹਿਲਾ ਮੁਕਾਬਲਾ ਖੇਡੇਗੀ |
ਦੋਵੇਂ ਅਭਿਆਸ ਮੈਚ ਆਸਾਨੀ ਨਾਲ ਜਿੱਤ ਕੇ ਹਰਮਨਪ੍ਰੀਤ ਕੌਰ ਦੀ ਟੀਮ ਨੇ ਇਸ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਭਾਰਤੀ ਟੀਮ 2020 ‘ਚ ਸਿਰਫ ਇਕ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ, ਜਿੱਥੇ ਉਸ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੁਬਈ ਅਤੇ ਸ਼ਾਰਜਾਹ ‘ਚ ਹੋਣ ਵਾਲੇ ਵਿਸ਼ਵ ਕੱਪ ਦੇ ਮੈਚਾਂ ਕਾਰਨ ਭਾਰਤ ਨੂੰ ਇਸ ਵਾਰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇੱਥੋਂ ਦੀਆਂ ਪਿੱਚਾਂ ਸਪਿਨਰਾਂ ਦਾ ਪੱਖ ਪੂਰਦੀਆਂ ਹਨ ਅਤੇ ਭਾਰਤ ਕੋਲ ਦੁਨੀਆ ਦਾ ਸਭ ਤੋਂ ਵਧੀਆ ਸਪਿਨ ਹਮਲਾ ਹੈ।
ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ 2024 ਦੇ ਟੀਮ ਗਰੁੱਪ :-
ਗਰੁੱਪ ਏ: ਭਾਰਤ, ਆਸਟ੍ਰੇਲੀਆ, ਸ਼੍ਰੀਲੰਕਾ, ਪਾਕਿਸਤਾਨ ਅਤੇ ਨਿਊਜ਼ੀਲੈਂਡ
ਗਰੁੱਪ ਬੀ: ਇੰਗਲੈਂਡ, ਬੰਗਲਾਦੇਸ਼, ਦੱਖਣੀ ਅਫਰੀਕਾ, ਵੈਸਟਇੰਡੀਜ਼, ਸਕਾਟਲੈਂਡ