ਚੰਡੀਗੜ੍ਹ, 30 ਅਪ੍ਰੈਲ 2024: ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ (Indian team) ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡਦੀ ਨਜ਼ਰ ਆਵੇਗੀ। ਉਥੇ ਹੀ ਹਾਰਦਿਕ ਪੰਡਯਾ ਉਪ ਕਪਤਾਨ ਵਜੋਂ ਸੇਵਾ ਨਿਭਾਉਂਦੇ ਨਜ਼ਰ ਆਉਣਗੇ। ਟੀਮ ‘ਚ ਦੋ ਵਿਕਟਕੀਪਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ‘ਚ ਰਿਸ਼ਭ ਪੰਤ ਅਤੇ ਸੰਜੂ ਸੈਮਸਨ ਸ਼ਾਮਲ ਹਨ। ਇਸ ਦੇ ਨਾਲ ਹੀ ਕੇਐਲ ਰਾਹੁਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਰਾਹੁਲ ਪਿਛਲੇ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦਾ ਹਿੱਸਾ ਸਨ।
ਭਾਰਤੀ ਟੀਮ (Indian team) ਤੋਂ ਤਿੰਨ ਵੱਡੇ ਚਿਹਰਿਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜੋ ਹਾਲ ਹੀ ਵਿੱਚ ਭਾਰਤੀ ਟੀਮ ਦਾ ਹਿੱਸਾ ਸਨ। ਇਨ੍ਹਾਂ ਵਿੱਚ ਕੇਐਲ ਰਾਹੁਲ ਤੋਂ ਇਲਾਵਾ ਰਿੰਕੂ ਸਿੰਘ ਅਤੇ ਸ਼ੁਭਮਨ ਗਿੱਲ ਸ਼ਾਮਲ ਹਨ। ਹਾਲਾਂਕਿ ਬੀਸੀਸੀਆਈ ਨੇ ਰਿੰਕੂ ਅਤੇ ਸ਼ੁਭਮਨ ਨੂੰ ਟਰੈਵਲਿੰਗ ਰਿਜ਼ਰਵ ਵਿੱਚ ਰੱਖਿਆ ਹੈ। ਰਿੰਕੂ ਨਾਲੋਂ ਸ਼ਿਵਮ ਦੂਬੇ ਨੂੰ ਤਰਜੀਹ ਦਿੱਤੀ ਗਈ ਹੈ। ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਜੇਕਰ ਹਾਰਦਿਕ ਦੀ ਚੋਣ ਹੁੰਦੀ ਹੈ ਤਾਂ ਸ਼ਿਵਮ-ਰਿੰਕੂ ਵਿੱਚੋਂ ਕਿਸੇ ਇੱਕ ਨੂੰ ਹੀ ਮੌਕਾ ਮਿਲੇਗਾ। ਇਸ ਦੇ ਨਾਲ ਹੀ ਯਸ਼ਸਵੀ ਅਤੇ ਸ਼ੁਭਮਨ ‘ਚੋਂ ਇੱਕ ਨੂੰ ਮੌਕਾ ਦਿੱਤਾ ਜਾਣਾ ਸੀ। ਚੋਣਕਾਰਾਂ ਨੇ ਸ਼ੁਭਮਨ ਨਾਲੋਂ ਯਸ਼ਸਵੀ ਨੂੰ ਤਰਜੀਹ ਦਿੱਤੀ ਹੈ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ
ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ-ਕਪਤਾਨ), ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ , ਯੁਜਵੇਂਦਰ ਚਾਹਲ , ਅਰਸ਼ਦੀਪ ਸਿੰਘ , ਜਸਪ੍ਰੀਤ ਬੁਮਰਾਹ , ਮੁਹੰਮਦ ਸਿਰਾਜ।
ਰਿਜ਼ਰਵ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ, ਅਵੇਸ਼ ਖਾਨ।
ਚੋਣਕਾਰਾਂ ਨੇ ਰਿਸ਼ਭ ਪੰਤ ਅਤੇ ਸੰਜੂ ਸੈਮਸਨ ਨੂੰ ਵਿਕਟਕੀਪਰ ਵਜੋਂ ਮੌਕਾ ਦਿੱਤਾ ਹੈ। ਪੰਤ ਨੇ ਕਾਰ ਦੁਰਘਟਨਾ ਤੋਂ ਬਾਅਦ ਵਾਪਸੀ ਕਰਦੇ ਹੋਏ ਇਸ ਆਈਪੀਐੱਲ ‘ਚ ਸ਼ਾਨਦਾਰ ਫਾਰਮ ਦਿਖਾਈ ਹੈ। ਇਸ ਦੇ ਨਾਲ ਹੀ ਸੈਮਸਨ ਦੇ ਪ੍ਰਦਰਸ਼ਨ ਦੀ ਬਦੌਲਤ ਰਾਜਸਥਾਨ ਦੀ ਟੀਮ IPL 2024 ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਇਸ ਦੇ ਨਾਲ ਹੀ ਰਾਹੁਲ, ਜਿਤੇਸ਼ ਅਤੇ ਇਸ਼ਾਨ ਵਰਗੇ ਵਿਕਟਕੀਪਰਾਂ ਵਿਚਾਲੇ ਦੌੜ ਦੀਆਂ ਕਿਆਸਅਰਾਈਆਂ ਵੀ ਖਤਮ ਹੋ ਗਈਆਂ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ (Indian team) ਵਿੱਚ ਸਿਰਫ਼ ਤਿੰਨ ਤੇਜ਼ ਗੇਂਦਬਾਜ਼ ਹਨ। ਇਨ੍ਹਾਂ ‘ਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਤੋਂ ਇਲਾਵਾ ਅਰਸ਼ਦੀਪ ਸਿੰਘ ਵੀ ਸ਼ਾਮਲ ਹਨ। ਇਨ੍ਹਾਂ ਤਿੰਨਾਂ ਦੀ ਚੋਣ ਕਾਫ਼ੀ ਸਮਾਂ ਪਹਿਲਾਂ ਤੈਅ ਮੰਨੀ ਜਾਂਦੀ ਸੀ। ਇਸ ਦੇ ਨਾਲ ਹੀ ਹਾਰਦਿਕ ਚੌਥੇ ਤੇਜ਼ ਗੇਂਦਬਾਜ਼ ਦੇ ਤੌਰ ‘ਤੇ ਵਿਕਲਪ ਹੋਵੇਗਾ। ਹਾਲਾਂਕਿ ਆਈ.ਪੀ.ਐੱਲ ‘ਚ ਗੇਂਦਬਾਜ਼ ਦੇ ਤੌਰ ‘ਤੇ ਹਾਰਦਿਕ ਦੀ ਫਾਰਮ ਕੁਝ ਖਾਸ ਨਹੀਂ ਰਹੀ ਹੈ। ਹਾਰਦਿਕ ਬੱਲੇ ਨਾਲ ਵੀ ਕੋਈ ਖਾਸ ਫਾਰਮ ਨਹੀਂ ਦਿਖਾ ਸਕੇ ਹਨ। ਹਾਲਾਂਕਿ ਚੋਣਕਾਰਾਂ ਨੇ ਉਸ ‘ਤੇ ਭਰੋਸਾ ਜਤਾਇਆ ਅਤੇ ਉਸ ਨੂੰ ਉਪ ਕਪਤਾਨ ਦਾ ਅਹੁਦਾ ਦੇ ਦਿੱਤਾ।