ਚੰਡੀਗੜ੍ਹ, 26 ਨਵੰਬਰ 2024: ਕ੍ਰਿਕਟ ਇਤਿਹਾਸ ‘ਚ ਅਕਸਰ ਹੀ ਵੱਡੇ ਉਲਟਫੇਰ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ‘ਚ ਕਈਂ ਟੀਮਾਂ ਵਿਸ਼ਵ ਰਿਕਾਰਡ ਬਣਾ ਲੈਂਦੀਆਂ ਹਨ | ਇਸਦੇ ਨਾਲ ਹੀ ਕਈਂ ਟੀਮਾਂ ‘ਤੇ ਸ਼ਰਮਨਾਕ ਰਿਕਾਰਡ ਵੀ ਦਰਜ ਹੋ ਜਾਂਦਾ ਹੈ | ਅਜਿਹਾ ਹੀ ਇੱਕ ਵਿਸ਼ਵ ਰਿਕਾਰਡ (T20 Records) ਨਾਈਜੀਰੀਆ ਦੀ ਟੀਮ ਦੇ ਨਾਂ ਬਣਿਆ ਹੈ |
ਨਾਈਜੀਰੀਆ ਦੀ ਟੀਮ ਨੇ ਟੀ-20 ‘ਚ ਇੱਕ ਟੀਮ ਦੇ ਸਭ ਤੋਂ ਘੱਟ ਸਕੋਰ ‘ਤੇ ਆਲ ਆਊਟ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਨਾਈਜੀਰੀਆ ਨੇ ਲਾਗੋਸ ‘ਚ ਖੇਡੇ ਜਾ ਰਹੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਉਪ-ਖੇਤਰੀ ਕੁਆਲੀਫਾਇਰ ਮੈਚ ‘ਚ ਆਈਵਰੀ ਕੋਸਟ ਨੂੰ ਸਿਰਫ਼ 7 ਦੌੜਾਂ ’ਤੇ ਆਲ ਆਊਟ ਕਰ ਦਿੱਤਾ।
ਇਹ ਟੀ-20 ਅੰਤਰਰਾਸ਼ਟਰੀ ‘ਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਇਲਾਵਾ ਇਸ ਮੈਚ ‘ਚ ਨਾਈਜੀਰੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 271 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ, ਜਿੱਥੇ ਨਾਈਜੀਰੀਆ ਨੇ 264 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ | ਟੀ-20 ਅੰਤਰਰਾਸ਼ਟਰੀ ‘ਚ ਦੌੜਾਂ ਦੇ ਫਰਕ ਦੇ ਹਿਸਾਬ ਨਾਲ ਇਹ ਤੀਜੀ ਸਭ ਤੋਂ ਵੱਡੀ ਜਿੱਤ ਹੈ।
ਟੀ-20 (T20) ‘ਚ ਸਭ ਤੋਂ ਘੱਟ ਸਕੋਰ ਦਾ ਸ਼ਰਮਨਾਕ ਰਿਕਾਰਡ ਰੱਖਣ ਵਾਲੀ ਆਈਵਰੀ ਕੋਸਟ 20 ਓਵਰਾਂ ਦੀ ਆਪਣੀ ਪਾਰੀ ‘ਚ ਸਿਰਫ਼ 7.3 ਓਵਰ ਹੀ ਖੇਡ ਸਕੀ। ਇਸ ਦੇ 7 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਜਦਕਿ 3 ਬੱਲੇਬਾਜ਼ਾਂ ਨੇ 1-1 ਦੌੜਾਂ ਬਣਾਈਆਂ ਅਤੇ ਟੀਮ ਲਈ ਸਭ ਤੋਂ ਵੱਧ 4 ਦੌੜਾਂ ਬਣਾਉਣ ਵਾਲੇ ਓਪਨਿੰਗ ਬੱਲੇਬਾਜ਼ ਔਟਾਰਾ ਮੁਹੰਮਦ (4) ਸਨ।
271 ਦੌੜਾਂ ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਨਾਈਜੀਰੀਆ ਨੇ ਆਈਵਰੀ ਕੋਸਟ ਦੇ ਬੱਲੇਬਾਜ਼ੀ ਕ੍ਰਮ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਸ ‘ਚ ਖੱਬੇ ਹੱਥ ਦੇ ਸਪਿਨਰ ਇਸਾਕ ਦਾਨਲਾਡੀ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਪ੍ਰੋਸਪਰ ਯੂਸੇਨੀ ਨੇ 3-3 ਵਿਕਟਾਂ ਲਈਆਂ। ਉਸ ਤੋਂ ਇਲਾਵਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਪੀਟਰ ਅਹੋ ਨੇ 2 ਅਤੇ ਸਿਲਵੇਸਟਰ ਓਕਪੇ ਨੇ ਇਕ ਵਿਕਟ ਲਈ।