July 4, 2024 3:01 pm
Swine flu

ਪੰਜਾਬ ‘ਚ ਸਵਾਈਨ ਫਲੂ ਨੇ ਮੁੜ ਦਿੱਤੀ ਦਸਤਕ, ਹੁਣ ਤੱਕ 29 ਮਾਮਲੇ ਆਏ ਸਾਹਮਣੇ

ਚੰਡੀਗੜ੍ਹ, 03 ਮਾਰਚ 2023: ਪੰਜਾਬ ਵਿੱਚ ਸਵਾਈਨ ਫਲੂ (Swine flu) ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਸਾਲ 2023 ਦੇ ਪਹਿਲੇ 2 ਮਹੀਨਿਆਂ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਮੁੜ ਮੌਤ ਦਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ 1 ਜਨਵਰੀ ਤੋਂ 2 ਮਾਰਚ ਤੱਕ ਪੰਜਾਬ ਦੇ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸਵਾਈਨ ਫਲੂ ਦੇ ਕੁੱਲ 29 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 4 ਸੰਕਰਮਿਤ ਮਰੀਜ਼ਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਸ ਸਾਲ ਲੁਧਿਆਣਾ ਵਿੱਚ 11, ਮੋਗਾ, ਬਠਿੰਡਾ, ਕਪੂਰਥਲਾ, ਹੁਸ਼ਿਆਰਪੁਰ ਅਤੇ ਸੰਗਰੂਰ ਵਿੱਚ 2-2 ਅਤੇ ਮੋਹਾਲੀ, ਰੋਪੜ, ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਤਿਹਗੜ੍ਹ ਸਾਹਿਬ ਵਿੱਚ 1-1 ਮਰੀਜ਼ ਸਾਹਮਣੇ ਆਏ ਹਨ। ਸਾਲ 2022 ਵਿੱਚ ਇਸ ਬਿਮਾਰੀ ਦੇ 203 ਮਰੀਜ਼ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 42 ਮਰੀਜ਼ਾਂ ਦੀ ਮੌਤ ਹੋ ਗਈ ਸੀ । ਜਨਵਰੀ-2018 ਤੋਂ 2 ਮਾਰਚ, 2023 ਤੱਕ ਲਗਭਗ 891 ਲੋਕ ਸਵਾਈਨ ਫਲੂ ਦਾ ਸ਼ਿਕਾਰ ਹੋਏ, ਜਿਨ੍ਹਾਂ ‘ਚੋਂ 95 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮੌਤ ਦਰ 10.66 ਫੀਸਦੀ ਰਹੀ।

ਡਾਕਟਰਾਂ ਅਨੁਸਾਰ ਸਵਾਈਨ ਫਲੂ (Swine flu) ਇੱਕ ਗੰਭੀਰ ਬਿਮਾਰੀ ਹੈ ਅਤੇ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਨਿਮੋਨੀਆ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਬਜ਼ੁਰਗਾਂ, ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਵਿੱਚ ਇਸ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਦੇ ਲੱਛਣ ਆਮ ਫਲੂ ਦੇ ਸਮਾਨ ਹੁੰਦੇ ਹਨ, ਜਿਵੇਂ ਕਿ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਸਰੀਰ ਵਿੱਚ ਦਰਦ, ਸਿਰ ਦਰਦ, ਠੰਢ ਲੱਗਣਾ ਅਤੇ ਥਕਾਵਟ।