ਚੰਡੀਗੜ੍ਹ ,20 ਜਨਵਰੀ 2024: ਈ-ਕਾਮਰਸ ਕੰਪਨੀ ਐਮਾਜ਼ਾਨ (Amazon) ਨੇ ਆਪਣੇ ਪਲੇਟਫਾਰਮ ‘ਤੇ ਰਾਮ ਮੰਦਰ (Ram Mandir) ਦਾ ਪ੍ਰਸ਼ਾਦ ਦੱਸ ਕੇ ਆਮ ਮਠਿਆਈਆਂ ਵੇਚਣ ਵਾਲੇ ਵਿਕਰੇਤਾਵਾਂ ‘ਤੇ ਕਾਰਵਾਈ ਕੀਤੀ ਹੈ। ਕੰਪਨੀ ਨੇ ਪਲੇਟਫਾਰਮ ਤੋਂ ਰਾਮ ਮੰਦਰ ਪ੍ਰਸਾਦ ਵੇਚਣ ਦਾ ਵਿਕਲਪ ਹਟਾ ਦਿੱਤਾ ਹੈ। ਦਰਅਸਲ, ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਇਸ ਮਾਮਲੇ ਵਿੱਚ ਕੰਪਨੀ ਨੂੰ ਨੋਟਿਸ ਭੇਜਿਆ ਸੀ।
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ਇਸ ਮਾਮਲੇ ਵਿੱਚ ਸੀਸੀਪੀਏ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸੀਸੀਪੀਏ ਨੇ ਇੱਕ ਨੋਟਿਸ ਭੇਜ ਕੇ ਐਮਾਜ਼ਾਨ ਨੂੰ ਸੱਤ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਸੀਸੀਪੀਏ ਨੇ ਇਹ ਵੀ ਕਿਹਾ ਕਿ ਜੇਕਰ ਐਮਾਜ਼ਾਨ ਸਮੇਂ ਸਿਰ ਜਵਾਬ ਦੇਣ ਵਿੱਚ ਅਸਮਰੱਥ ਰਹਿੰਦਾ ਹੈ, ਤਾਂ ਉਪਭੋਗਤਾ ਸੁਰੱਖਿਆ ਐਕਟ, 2019 ਦੇ ਤਹਿਤ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਕਾਰਵਾਈ ਬਾਰੇ ਐਮਾਜ਼ਾਨ (Amazon) ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੀਸੀਪੀਏ ਤੋਂ ਸੂਚਨਾ ਮਿਲੀ ਸੀ ਕਿ ਕੁਝ ਵਿਕਰੇਤਾ ਐਮਾਜ਼ਾਨ ਪਲੇਟਫਾਰਮ ‘ਤੇ ਝੂਠੇ ਦਾਅਵਿਆਂ ਨਾਲ ਉਤਪਾਦ ਵੇਚ ਰਹੇ ਹਨ। ਅਸੀਂ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਸਾਡੀ ਨੀਤੀ ਦੇ ਅਨੁਸਾਰ, ਅਸੀਂ ਇਹਨਾਂ ਵਿਕਰੇਤਾਵਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰ ਰਹੇ ਹਾਂ।