ਚੰਡੀਗੜ੍ਹ, 20 ਜਨਵਰੀ, 2024: ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ‘ਆਪ’ ਦੀ ਦਿੱਲੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਤਰਾਜ਼ ਕੀਤਾ ਹੈ। ‘ਆਪ’ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਨੂੰ ਘੇਰਦਿਆਂ ਇਸ ਮੁੱਦੇ ਨੂੰ ਸੰਸਦ ‘ਚ ਵੀ ਉਠਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਮੁਖੀ ਪ੍ਰਤੀ ਦਿਖਾਈ ਜਾ ਰਹੀ ਹਮਦਰਦੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ (Swati Maliwal) ਨੇ ਰਾਮ ਰਹੀਮ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਵਾਤੀ ਮਾਲੀਵਾਲ ਨੇ ਕਿਹਾ ਕਿ ਇੱਕ ਵਾਰ ਫਿਰ ਗੁਰਮੀਤ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਕੀ ਹਰਿਆਣਾ ਸਰਕਾਰ ਗੁਪਤ ਰੂਪ ਵਿੱਚ ਇਸਦੀ ਸੁਰੱਖਿਆ ਕਰ ਰਹੀ ਹੈ? ਸਰਕਾਰ ਸਿਰਫ਼ ਕੁਝ ਵੋਟਾਂ ਲੈਣ ਲਈ ਪੂਰੇ ਦੇਸ਼ ਦੀਆਂ ਧੀਆਂ ਨੂੰ ਖੂਹ ਵਿੱਚ ਧੱਕਣ ‘ਤੇ ਤੁਲੀ ਹੋਈ ਹੈ।
ਸਵਾਤੀ ਨੇ ਅੱਗੇ ਕਿਹਾ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਬੀਬੀਆਂ ਦੇ ਸਨਮਾਨ ਲਈ ਲੜਨ ਵਾਲੇ ਮਰਿਯਾਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਦੇ ਪ੍ਰਕਾਸ਼ ਪੁਰਬ ਦੀ ਤਿਆਰੀ ਕਰ ਰਿਹਾ ਹੈ, ਇਸ ਬਲਾਤਕਾਰੀ-ਕਾਤਲ ਨੂੰ ਆਜ਼ਾਦ ਕੀਤਾ ਜਾ ਰਿਹਾ ਹੈ। ਮੈਂ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਵਾਂਗੀ ।