ਚੰਡੀਗੜ੍ਹ, 17 ਮਈ 2024: ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸੰਸਦ ਸਵਾਤੀ ਮਾਲੀਵਾਲ ਨਾਲ ਕਥਿਤ ਦੁਰਵਿਵਹਾਰ ਮਾਮਲੇ ‘ਚ ਦਿੱਲੀ ਪੁਲਿਸ ਹਰਕਤ ‘ਚ ਆ ਗਈ ਹੈ। ਵੀਰਵਾਰ ਨੂੰ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਅਤੇ ਸਵਾਤੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ, ਪੁਲਿਸ ਹੁਣ ਸ਼ੁੱਕਰਵਾਰ ਨੂੰ ਆਪਣੀ ਜਾਂਚ ਨੂੰ ਅੱਗੇ ਵਧਾਏਗੀ। ਸਵਾਤੀ ਮਾਲੀਵਾਲ ਦਾ ਵੀਰਵਾਰ-ਸ਼ੁੱਕਰਵਾਰ ਰਾਤ 3 ਵਜੇ ਏਮਜ਼ ‘ਚ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਰਾਤ ਨੂੰ ਹੀ ਉਸ ਨੂੰ ਘਰ ਭੇਜ ਦਿੱਤਾ ਗਿਆ।
ਸਵਾਤੀ ਮਾਲੀਵਾਲ ਦੇ ਮਾਮਲੇ ‘ਚ ਦਿੱਲੀ ਪੁਲਿਸ ਧਾਰਾ 164 ਤਹਿਤ ਅੱਜ ਮੈਜਿਸਟ੍ਰੇਟ ਸਾਹਮਣੇ ਮਾਮੀਵਾਲ ਦੇ ਬਿਆਨ ਦਰਜ ਕਰੇਗੀ। ਅੱਜ ਹੀ ਦਿੱਲੀ ਪੁਲਿਸ ਕੇਜਰੀਵਾਲ ਦੀ ਰਿਹਾਇਸ਼ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਵਾਲੀ ਕੰਪਨੀ ਨੂੰ ਨੋਟਿਸ ਭੇਜ ਕੇ ਫੁਟੇਜ ਮੰਗੇਗੀ। ਫੁਟੇਜ ਦੇ ਆਧਾਰ ‘ਤੇ ਹੀ ਦੋਸ਼ਾਂ ਦੀ ਸੱਚਾਈ ਦੀ ਪੁਸ਼ਟੀ ਹੋ ਸਕਦੀ ਹੈ। ਦੋਸ਼ ਹੈ ਕਿ ਸੀਐਮ ਕੇਜਰੀਵਾਲ ਦੇ ਨਿੱਜੀ ਸਹਾਇਕ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਨਾਲ ਕਥਿਤ ਕੁੱਟਮਾਰ ਕੀਤੀ ਸੀ।