July 7, 2024 6:06 pm
Mohali

Swachh Survekshan: ਚੋਟੀ ਦੇ 100 ਸਾਫ਼ ਸ਼ਹਿਰਾਂ ‘ਚ ਪੰਜਾਬ ਦਾ ਇਕਲੌਤਾ ਮੋਹਾਲੀ ਸ਼ਹਿਰ ਸ਼ਾਮਲ, ਜਲੰਧਰ ਦੀ ਮਾੜੀ ਵਿਵਸਥਾ ਆਈ ਸਾਹਮਣੇ

ਚੰਡੀਗੜ੍ਹ, 12 ਜਨਵਰੀ 2024: ਸਵੱਛ ਸਰਵੇਖਣ 2023 ਰੈਂਕਿੰਗ ਵਿੱਚ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਚੋਟੀ ਦੇ 100 ਸਾਫ਼ ਸ਼ਹਿਰਾਂ ਵਿੱਚ ਪੰਜਾਬ ਸੂਬੇ ਦਾ ਸਿਰਫ਼ ਇੱਕ ਸ਼ਹਿਰ ਮੋਹਾਲੀ (Mohali) ਸ਼ਾਮਲ ਹੈ। 2022 ਵਿੱਚ ਕੀਤੇ ਗਏ ਸਰਵੇਖਣ ਵਿੱਚ ਸੂਬੇ ਨੂੰ ਪੰਜਵਾਂ ਸਥਾਨ ਮਿਲਿਆ ਸੀ।

ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (MoHUA) ਦੁਆਰਾ ਵੀਰਵਾਰ ਨੂੰ ਘੋਸ਼ਿਤ ਸਾਲਾਨਾ ਸਫਾਈ ਸਰਵੇਖਣ ਰੈਂਕਿੰਗ ਦੇ ਅਨੁਸਾਰ, 446 ਸ਼ਹਿਰਾਂ ਵਿੱਚੋਂ ਜਿਨ੍ਹਾਂ ਨੂੰ ਇੱਕ ਲੱਖ ਤੋਂ ਵੱਧ ਆਬਾਦੀ ਦੀ ਸ਼੍ਰੇਣੀ ਵਿੱਚ ਚੁਣਿਆ ਗਿਆ ਸੀ, ਮੋਹਾਲੀ (Mohali) ਨੂੰ 82ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਪੰਜਾਬ ਵਿੱਚ ਸਭ ਤੋਂ ਸਾਫ਼ ਸੁਥਰੇ ਵਜੋਂ ਉਭਰਨ ਵਾਲੇ ਸ਼ਹਿਰ ਨੇ 2022 ਤੋਂ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ ਜਦੋਂ ਇਹ 113ਵੇਂ ਸਥਾਨ ‘ਤੇ ਸੀ।

ਇਸਦੇ ਨਾਲ ਹੀ ਜਲੰਧਰ ਨਿਗਮ ਪ੍ਰਸ਼ਾਸਨ ਦੀ ਮਾੜੀ ਵਿਵਸਥਾ, ਕਮਜ਼ੋਰ ਯੋਜਨਾਬੰਦੀ ਅਤੇ ਜ਼ੀਰੋ ਲੈਵਲ ਮੋਨੀਟਰਿੰਗ ਕਾਰਨ ਸਾਰਾ ਸਾਲ ਸ਼ਹਿਰ ਦੀ ਸਫਾਈ ਵਿਵਸਥਾ ਦਾ ਬੁਰਾ ਹਾਲ ਰਿਹਾ। ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਨਿਗਮ ਪ੍ਰਸ਼ਾਸਨ ਨੇ ਸਿਸਟਮ ਨੂੰ ਮੁੜ ਲੀਹ ‘ਤੇ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਉਸ ਤੋਂ ਬਾਅਦ ਸ਼ਹਿਰ ਦੀ ਸਫਾਈ ਵਿਵਸਥਾ ਅਤੇ ਖੁੱਲ੍ਹੇ ਡੰਪਾਂ ‘ਤੇ ਫਿਰ ਤੋਂ ਮੰਦਾ ਹਾਲ ਹੋ ਗਿਆ। ਇਸੇ ਦਾ ਨਤੀਜਾ ਹੈ ਕਿ ਜਲੰਧਰ ਕਾਰਪੋਰੇਸ਼ਨ ਜੋ ਕਦੇ ਪੰਜਾਬ ‘ਚ ਪਹਿਲੇ ਸਥਾਨ ‘ਤੇ ਸੀ, ਇਸ ਵਾਰ ਦੇਸ਼ ਭਰ ‘ਚ ਸਵੱਛਤਾ ਸਰਵੇਖਣ ਸਾਲ 2023-24 ‘ਚ 8 ਲੱਖ ਤੱਕ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ‘ਚ 239ਵਾਂ ਰੈਂਕ ਹਾਸਲ ਕੀਤਾ ਹੈ।

ਪਿਛਲੇ ਸਾਲ ਦੇ ਸਰਵੇ ‘ਚ ਨਿਗਮ 154ਵੇਂ ਸਥਾਨ ‘ਤੇ ਸੀ, ਯਾਨੀ ਇਕ ਸਾਲ ‘ਚ ਸ਼ਹਿਰ ਦੀ ਸਫਾਈ ਵਿਵਸਥਾ ਅਤੇ ਕੂੜਾ ਡੰਪ ਦੇ ਮਾਮਲੇ ‘ਚ ਨਿਗਮ 85ਵੇਂ ਸਥਾਨ ‘ਤੇ ਆ ਗਿਆ ਹੈ। ਇਹ ਪੰਜਾਬ ਪੱਧਰ ‘ਤੇ ਜਲੰਧਰ ਕਾਰਪੋਰੇਸ਼ਨ ਦੀ ਹਾਲਤ ਹੈ, ਜਲੰਧਰ ਕਾਰਪੋਰੇਸ਼ਨ ਜੋ ਕਿਸੇ ਸਮੇਂ ਪੰਜਾਬ ‘ਚ ਸਵੱਛਤਾ ਸਰਵੇਖਣ ‘ਚ ਪਹਿਲੇ ਨੰਬਰ ‘ਤੇ ਸੀ | ਜਿਸ ਦੀ ਤਾਜ਼ਾ ਸਰਵੇ ਰਿਪੋਰਟ ‘ਚ ਜਲੰਧਰ ਸੂਬੇ ‘ਚ 13ਵੇਂ ਸਥਾਨ ‘ਤੇ ਰਿਹਾ, ਜਦੋਂ ਕਿ ਸਾਲ 2022-23 ਦੇ ਸਰਵੇ ‘ਚ ਨਿਗਮ ਪੰਜਾਬ ‘ਚੋਂ 6ਵੇਂ ਸਥਾਨ ‘ਤੇ ਸੀ।

ਇਸ ਸ਼੍ਰੇਣੀ ਵਿੱਚ ਸੂਬੇ ਦੇ ਕੁੱਲ 16 ਸ਼ਹਿਰਾਂ ਨੇ ਭਾਗ ਲਿਆ ਅਤੇ ਇਨ੍ਹਾਂ ਵਿੱਚੋਂ ਅੱਠ ਸ਼ਹਿਰਾਂ ਨੂੰ 100 ਤੋਂ 200 ਦੇ ਵਿਚਕਾਰ ਦਰਜਾ ਦਿੱਤਾ ਗਿਆ। ਇਨ੍ਹਾਂ ਵਿੱਚ ਅਬੋਹਰ (105), ਪਟਿਆਲਾ (120), ਬਠਿੰਡਾ (121), ਫਿਰੋਜ਼ਪੁਰ (127), ਅੰਮ੍ਰਿਤਸਰ (142) , ਖੰਨਾ (153), ਹੁਸ਼ਿਆਰਪੁਰ (158), ਅਤੇ ਮੁਕਤਸਰ (170)। ਇਨ੍ਹਾਂ ਤੋਂ ਬਾਅਦ ਲੁਧਿਆਣਾ (207), ਪਠਾਨਕੋਟ (208), ਬਰਨਾਲਾ (233), ਜਲੰਧਰ (239), ਮੋਗਾ (246), ਮਲੇਰਕੋਟਲਾ (271) ਅਤੇ ਬਟਾਲਾ (297) ਸ਼ਾਮਲ ਹਨ। ਸੂਬਿਆਂ ਦੀ ਦਰਜਾਬੰਦੀ ਦੇ ਅਨੁਸਾਰ, ਪੰਜਾਬ ਨੂੰ ਰਾਜਾਂ ਵਿੱਚੋਂ ਸੱਤਵਾਂ ਸਭ ਤੋਂ ਸਾਫ਼ ਸੁਥਰਾ ਸਥਾਨ ਦਿੱਤਾ ਗਿਆ ਅਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਕ੍ਰਮਵਾਰ 14ਵੇਂ ਅਤੇ 18ਵੇਂ ਨੰਬਰ ‘ਤੇ ਹੈ।

ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਛੋਟੇ ਕਸਬਿਆਂ ਵਿੱਚੋਂ, ਮੁੱਲਾਂਪੁਰ ਦਾਖਾ ਨਗਰ ਪੰਚਾਇਤ ਨੂੰ ਸੂਬੇ ਵਿੱਚ ਸਭ ਤੋਂ ਵਧੀਆ ਚੁਣਿਆ ਗਿਆ, ਪਰ ਰਾਸ਼ਟਰੀ ਦਰਜਾਬੰਦੀ ਵਿੱਚ 394 ਵਿੱਚ ਪਛੜ ਗਿਆ, ਇਸ ਤੋਂ ਬਾਅਦ ਮੋਰਿੰਡਾ (399), ਕੁਰਾਲੀ (406), ਫਾਜ਼ਿਲਕਾ (491), ਅਤੇ ਨੰਗਲ (525)ਸ਼ਾਮਲ ਹਨ । 2016 ਤੋਂ ਸਵੱਛ ਭਾਰਤ ਸ਼ਹਿਰੀ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਕਰਵਾਏ ਗਏ ਸਵੱਛ ਸਰਵੇਖਣ, ਵਿਸ਼ਵ ਦਾ ਸਭ ਤੋਂ ਵੱਡਾ ਸ਼ਹਿਰੀ ਸਵੱਛਤਾ ਅਤੇ ਸਫਾਈ ਸਰਵੇਖਣ ਹੈ। ਸਰਵੇਖਣ ਵਿੱਚ ਕੁੱਲ 4,447 ਸ਼ਹਿਰੀ ਸਥਾਨਕ ਸੰਸਥਾਵਾਂ ਨੇ ਹਿੱਸਾ ਲਿਆ।