Faridabad news

ਫਰੀਦਾਬਾਦ ‘ਚ ਸ਼ੱਕੀ ਲਾਲ ਕਾਰ ਬਰਾਮਦ, ਡਾ. ਉਮਰ ਨਬੀ ਦਾ DNA ਹੋਇਆ ਮੈਚ

ਦਿੱਲੀ, 13 ਨਵੰਬਰ 2025: ਦਿੱਲੀ ਧਮਾਕੇ ਮਾਮਲੇ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ | ਮੀਡੀਆ ਖ਼ਬਰਾਂ ਮੁਤਾਬਕ ਡਾਕਟਰ ਉਮਰ ਉਨ ਨਬੀ ਦਾ ਡੀਐਨਏ ਉਸਦੀ ਮਾਂ ਨਾਲ ਮੈਚ ਹੋ ਗਿਆ ਹੈ। ਜਾਂਚ ਟੀਮਾਂ ਨੇ ਕਾਰ ‘ਚੋਂ ਉਮਰ ਦੇ ਦੰਦ, ਹੱਡੀਆਂ, ਖੂਨ ਨਾਲ ਲੱਥਪੱਥ ਕੱਪੜਿਆਂ ਦੇ ਟੁਕੜੇ ਅਤੇ ਉਸਦੀ ਲੱਤ ਦਾ ਇੱਕ ਹਿੱਸਾ, ਜੋ ਸਟੀਅਰਿੰਗ ਵ੍ਹੀਲ ਅਤੇ ਐਕਸਲੇਟਰ ਦੇ ਵਿਚਕਾਰ ਫਸਿਆ ਹੋਇਆ ਸੀ, ਉਹ ਬਰਾਮਦ ਕੀਤਾ ਗਿਆ ਸੀ।

ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਧਮਾਕੇ ਸਮੇਂ ਡਾਕਟਰ ਉਮਰ ਕਾਰ ‘ਚ ਮੌਜੂਦ ਸੀ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ 10 ਨਵੰਬਰ ਨੂੰ ਹੋਏ ਧਮਾਕੇ ‘ਚ 13 ਜਣੇ ਮਾਰੇ ਗਏ ਸਨ। ਇੱਕ ਜ਼ਖਮੀ ਵਿਅਕਤੀ ਦੀ ਵੀਰਵਾਰ ਸਵੇਰੇ ਮੌਤ ਹੋ ਗਈ।

ਦਿੱਲੀ ਲਾਲ ਕਿਲ੍ਹਾ ਧਮਾਕੇ ਦੀ ਸਭ ਤੋਂ ਨੇੜਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। 10 ਸਕਿੰਟ ਦੀ ਵੀਡੀਓ ‘ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸਿਗਨਲ ‘ਤੇ ਖੜ੍ਹੀਆਂ 20 ਗੱਡੀਆਂ ਦਿਖਾਈਆਂ ਗਈਆਂ ਹਨ।

ਸ਼ਾਮ ਲਗਭੱਗ 6:51 ਵਜੇ, ਸਿਗਨਲ ਗ੍ਰੀਨ ਹੋ ਗਿਆ, ਜਿਵੇਂ ਹੀ ਵਾਹਨ ਅੱਗੇ ਵਧੇ, ਇੱਕ ਚੱਲਦੀ ਆਈ20 ਕਾਰ ‘ਚ ਧਮਾਕਾ ਹੋ ਗਿਆ। ਸ਼ਕਤੀਸ਼ਾਲੀ ਧਮਾਕੇ ਨੇ ਅੱਗ ਦੀਆਂ ਲਪਟਾਂ ਭੜਕ ਦਿੱਤੀਆਂ, ਜਿਸ ਨਾਲ ਨੇੜਲੇ ਜ਼ਿਆਦਾਤਰ ਵਾਹਨ ਤਬਾਹ ਹੋ ਗਏ।

ਦੋ ਦਿਨ ਬਾਅਦ ਧਮਾਕੇ ਵਾਲੀ ਥਾਂ ਤੋਂ 300 ਮੀਟਰ ਦੀ ਦੂਰੀ ‘ਤੇ ਇੱਕ ਕੱਟਿਆ ਹੋਇਆ ਹੱਥ ਮਿਲਿਆ। ਫੋਰੈਂਸਿਕ ਟੀਮ ਨੇ ਨਿਊ ਲਾਜਪਤ ਨਗਰ ਮਾਰਕੀਟ ‘ਚ ਇੱਕ ਦੁਕਾਨ ਦੇ ਸ਼ੈੱਡ ‘ਤੇ ਮਿਲੇ ਹੱਥ ਨੂੰ ਜਾਂਚ ਲਈ ਭੇਜ ਦਿੱਤਾ ਹੈ।

ਪੁਲਿਸ ਹੁਣ ਇੱਕ ਸਿਲਵਰ ਰੰਗ ਦੀ ਬ੍ਰੇਜ਼ਾ ਕਾਰ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀਆਂ ਨੇ ਇਸਨੂੰ ਲੌਜਿਸਟਿਕਲ ਸਹਾਇਤਾ ਲਈ ਵਰਤਿਆ ਸੀ। ਇਸ ਦੌਰਾਨ, ਕੇਂਦਰ ਸਰਕਾਰ ਨੇ ਦਿੱਲੀ ਕਾਰ ਧਮਾਕੇ ਨੂੰ ਅੱ.ਤ.ਵਾ.ਦੀ ਹਮਲਾ ਮੰਨਿਆ ਹੈ। ਬੁੱਧਵਾਰ ਨੂੰ ਕੈਬਨਿਟ ਬੈਠਕ ‘ਚ ਅੱ.ਤ.ਵਾ.ਦੀ ਹਮਲੇ ‘ਤੇ ਇੱਕ ਮਤਾ ਪਾਸ ਕੀਤਾ ਗਿਆ।

ਦੂਜੇ ਪਾਸੇ ਫਰੀਦਾਬਾਦ ਦੇ ਖੰਡਾਵਲੀ ਪਿੰਡ ‘ਚ, ਖੇਤਾਂ ‘ਚ ਖੜੀ ਇੱਕ ਲਾਲ ਈਕੋਸਪੋਰਟ ਕਾਰ ‘ਚ ਵਿਸਫੋਟਕ ਮਿਲਣ ‘ਤੇ ਇਲਾਕੇ ‘ਚ ਸਨਸਨੀ ਫੈਲ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਉਹੀ ਲਾਲ ਈਕੋਸਪੋਰਟ ਕਾਰ ਹੈ ਜਿਸਦੀ ਵਰਤੋਂ ਅੱ.ਤ.ਵਾ.ਦੀ.ਆਂ ਨੇ ਦਿੱਲੀ ਧਮਾਕੇ ‘ਚ ਕੀਤੀ ਸੀ। ਕਾਰ ‘ਚ ਵਿਸਫੋਟਕਾਂ ਦੀ ਜਾਣਕਾਰੀ ਮਿਲਣ ‘ਤੇ, NSA, ਫੋਰੈਂਸਿਕ ਟੀਮਾਂ ਅਤੇ ਇੱਕ ਵੱਡੀ ਪੁਲਿਸ ਫੋਰਸ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ।

ਕਾਰ ਦੇ ਆਲੇ-ਦੁਆਲੇ ਦੇ ਲਗਭਗ 10 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ 400 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਭਾਰੀ ਤਾਇਨਾਤੀ ਘਟਨਾ ਸਥਾਨ ‘ਤੇ ਕੀਤੀ ਗਈ ਹੈ, ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਹੈ। ਖੰਡਾਵਲੀ ਪਿੰਡ ਤੋਂ ਲਗਭੱਗ 200 ਮੀਟਰ ਦੂਰ ਖੇਤਾਂ ‘ਚ ਫਹੀਮ ਨਾਮ ਦੇ ਇੱਕ ਵਿਅਕਤੀ ਦੇ ਘਰ ਦੇ ਨੇੜੇ ਇੱਕ ਲਾਲ ਰੰਗ ਦੀ ਕਾਰ ਖੜ੍ਹੀ ਸੀ।

Read More: ਅਲ ਫਲਾਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਬਿਆਨ, “ਯੂਨੀਵਰਸਿਟੀ ਦਾ ਇਨ੍ਹਾਂ ਡਾਕਟਰਾਂ ਨਾਲ ਕੋਈ ਸਬੰਧ ਨਹੀਂ”

Scroll to Top