ਚੰਡੀਗੜ੍ਹ, 11 ਅਗਸਤ 2023: ਸੰਸਦ ਦਾ ਮਾਨਸੂਨ ਸੈਸ਼ਨ ਤਿੰਨ ਹਫ਼ਤਿਆਂ ਦੇ ਹੰਗਾਮੇ ਤੋਂ ਬਾਅਦ ਅੱਜ ਖ਼ਤਮ ਹੋਣ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿੱਚ ਕੇਂਦਰੀ ਵਸਤੂ ਅਤੇ ਸੇਵਾ ਕਰ (ਸੋਧ) ਬਿੱਲ, 2023 ਪੇਸ਼ ਕਰੇਗੀ।ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ (Adhir Ranjan Chaudhary) ਦੀ ਮੁਅੱਤਲੀ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਚੌਧਰੀ ਨੂੰ ਮਾਮੂਲੀ ਆਧਾਰ ‘ਤੇ ਮੁਅੱਤਲ ਕੀਤਾ ਗਿਆ ਹੈ। ਉਸਨੇ ਸਿਰਫ ‘ਨੀਰਵ ਮੋਦੀ’ ਕਿਹਾ। ਨੀਰਵ ਦਾ ਅਰਥ ਹੈ ਸ਼ਾਂਤ, ਮੋਨ ਹੈ । ਤੁਸੀਂ ਉਨ੍ਹਾਂ ਨੂੰ ਇਸ ਲਈ ਮੁਅੱਤਲ ਕੀਤਾ? ਇਸਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।
ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ ਤੋਂ ਮੁਅੱਤਲ ਕਰਨ ‘ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 105 (1) ਦੇ ਤਹਿਤ ਹਰ ਸੰਸਦ ਮੈਂਬਰ ਨੂੰ ਸੰਸਦ ‘ਚ ਬੋਲਣ ਦੀ ਆਜ਼ਾਦੀ ਹੈ। ਜੇਕਰ ਬਹੁਮਤ ਦੀ ਤਾਕਤ ਦੀ ਦੁਰਵਰਤੋਂ ਕਰਕੇ ਕਿਸੇ ਵੀ ਸੰਸਦ ਮੈਂਬਰ ਨੂੰ ਇਸ ਤਰ੍ਹਾਂ ਮੁਅੱਤਲ ਕੀਤਾ ਜਾਂਦਾ ਹੈ, ਤਾਂ ਇਹ ਲੋਕਤੰਤਰ ਲਈ ਬਹੁਤ ਮੰਦਭਾਗਾ ਹੈ। ਇਹ ਮਾਮਲਾ ਸੁਪਰੀਮ ਕੋਰਟ ਜਾਣ ਲਈ ਢੁੱਕਵਾਂ ਹੈ।