ਚੰਡੀਗੜ੍ਹ, 12 ਅਪ੍ਰੈਲ 2023: ਭਾਰਤ ਦੇ ਧਾਕੜ ਖਿਡਾਰੀ ਸੂਰਿਆਕੁਮਾਰ ਯਾਦਵ (Suryakumar Yadav) ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਪੁਰਸ਼ ਟੀ-20 ਬੱਲੇਬਾਜ਼ੀ ਦਰਜਾਬੰਦੀ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਪਾਕਿਸਤਾਨੀ ਜੋੜੀ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੂੰ ਭਾਰਤੀ ਬੱਲੇਬਾਜ਼ ਦੇ ਨੇੜੇ ਆਉਣ ਦਾ ਮੌਕਾ ਮਿਲਿਆ ਹੈ।
ਸੂਰਿਆਕੁਮਾਰ (Suryakumar Yadav) 906 ਅੰਕਾਂ ਨਾਲ ਟੀ-20 ਰੈਂਕਿੰਗ ‘ਚ ਮਜ਼ਬੂਤ ਬੜ੍ਹਤ ਬਰਕਰਾਰ ਰੱਖ ਰਹੇ ਹਨ। ਰਿਜ਼ਵਾਨ 811 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਜਦਕਿ ਬਾਬਰ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਨੰਬਰ ‘ਤੇ ਆ ਗਿਆ ਹੈ। ਉਸ ਦੇ ਖਾਤੇ ਵਿੱਚ 755 ਅੰਕ ਹਨ। ਦੱਖਣੀ ਅਫਰੀਕਾ ਦੇ ਐਡਨ ਮਾਰਕਰਮ ਚੌਥੇ ਅਤੇ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਪੰਜਵੇਂ ਸਥਾਨ ‘ਤੇ ਹਨ।
ਬਾਬਰ ਅਤੇ ਰਿਜ਼ਵਾਨ ਬੰਗਲਾਦੇਸ਼ ਦੇ ਖਿਲਾਫ ਪਾਕਿਸਤਾਨ ਦੀ ਹਾਲੀਆ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਸਨ। ਸ਼੍ਰੀਲੰਕਾ ਖਿਲਾਫ ਨਿਊਜ਼ੀਲੈਂਡ ਦੀ ਸੀਰੀਜ਼ ਤੋਂ ਕੋਨਵੇ ਦੀ ਗੈਰ-ਹਾਜ਼ਰੀ ਕਾਰਨ ਪਾਕਿਸਤਾਨੀ ਕਪਤਾਨ ਰੈਂਕਿੰਗ ‘ਚ ਇਕ ਸਥਾਨ ਉੱਪਰ ਪਹੁੰਚ ਗਿਆ ਹੈ। ਪਾਕਿਸਤਾਨੀ ਜੋੜੀ ਨੂੰ ਸੂਰਿਆਕੁਮਾਰ ਦੇ ਨੇੜੇ ਹੋਣ ਦਾ ਮੌਕਾ ਮਿਲੇਗਾ ਜਦੋਂ ਪਾਕਿਸਤਾਨ ਸ਼ਨੀਵਾਰ ਤੋਂ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗਾ।