ਚੰਡੀਗੜ੍ਹ, 16 ਅਗਸਤ 2023: ਆਈਸੀਸੀ ਨੇ ਤਾਜ਼ਾ ਟੀ-20 ਰੈਂਕਿੰਗ ਜਾਰੀ ਕਰ ਦਿੱਤੀ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਭਾਰਤ ਦੇ ਸਟਾਰ ਸੂਰਿਆਕੁਮਾਰ ਯਾਦਵ (Suryakumar Yadav) ਪਹਿਲੇ ਸਥਾਨ ‘ਤੇ ਕਾਬਜ਼ ਹਨ। ਯਾਦਵ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੌਰਾਨ ਇਹ ਦਰਜਾਬੰਦੀ ਹਾਸਲ ਕੀਤੀ ਸੀ। ਉਦੋਂ ਤੋਂ ਉਹ ਲਗਾਤਾਰ ਚੰਗੀ ਪਾਰੀ ਖੇਡ ਰਿਹਾ ਹੈ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਦੀ ਟੀ-20 ਰੈਂਕਿੰਗ ‘ਚ ਵੀ ਵੱਡੀ ਛਾਲ ਲੱਗੀ ਹੈ। ਸ਼ੁਭਮਨ ਨੇ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ 43 ਸਥਾਨਾਂ ਦੀ ਛਲਾਂਗ ਲਗਾਈ ਹੈ। ਇਹ ਰੈਂਕਿੰਗ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਵਨਡੇ ਰੈਂਕਿੰਗ ‘ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਰਫ਼ ਸ਼ੁਭਮਨ ਗਿੱਲ ਹੀ ਟਾਪ-5 ਵਿੱਚ ਸ਼ਾਮਲ ਹੋਏ ਹਨ। ਸ਼ੁਭਮਨ ਨੇ ਦੋ ਸਥਾਨਾਂ ਦੇ ਸੁਧਾਰ ਨਾਲ ਚੋਟੀ ਦੇ ਪੰਜ ਵਨਡੇ ਬੱਲੇਬਾਜ਼ਾਂ ਵਿੱਚ ਥਾਂ ਬਣਾ ਲਈ ਹੈ। ਵਨਡੇ ‘ਚ ਬਾਬਰ ਆਜ਼ਮ ਪਹਿਲੇ ਸਥਾਨ ‘ਤੇ, ਰਾਸੀ ਵਾਨ ਡੇਰ ਡੁਸੇਨ ਦੂਜੇ ਸਥਾਨ ‘ਤੇ, ਫਖਰ ਜ਼ਮਾਨ ਤੀਜੇ ਸਥਾਨ ‘ਤੇ ਅਤੇ ਇਮਾਮ-ਉਲ-ਹੱਕ ਚੌਥੇ ਸਥਾਨ ‘ਤੇ ਹਨ। ਚੋਟੀ ਦੇ ਪੰਜ ਬੱਲੇਬਾਜ਼ਾਂ ‘ਚੋਂ ਤਿੰਨ ਪਾਕਿਸਤਾਨ ਦੇ ਹਨ। ਭਾਰਤ ਦੇ ਵਿਰਾਟ ਕੋਹਲੀ ਟਾਪ-10 ‘ਚ ਨੌਵੇਂ ਸਥਾਨ ‘ਤੇ ਕਾਬਜ਼ ਹਨ।