ਚੰਡੀਗੜ੍ਹ, 1 ਫਰਵਰੀ 2023: ਭਾਰਤੀ ਵਿਸਫੋਟਕ ਬੱਲੇਬਾਜ਼ ਸੂਰਿਆ ਕੁਮਾਰ ਯਾਦਵ (Surya Kumar Yadav) ਟੀ-20 ਅੰਤਰਰਾਸ਼ਟਰੀ ਮੈਚ ‘ਚ ਹਰ ਰੋਜ਼ ਨਵਾਂ ਰਿਕਾਰਡ ਬਣਾ ਰਿਹਾ ਹੈ। ਸੂਰਿਆ ਨੇ ਹੁਣ ਆਪਣੇ ਕਰੀਅਰ ‘ਚ ਉਹ ਮੁਕਾਮ ਹਾਸਲ ਕਰ ਲਿਆ ਹੈ, ਜੋ ਹੁਣ ਤੱਕ ਕੋਈ ਵੀ ਭਾਰਤੀ ਬੱਲੇਬਾਜ਼ ਹਾਸਲ ਨਹੀਂ ਕਰ ਸਕਿਆ ਹੈ। ਵਿਸ਼ਵ ਦੇ ਨੰਬਰ 1 ਬੱਲੇਬਾਜ਼ ਸੂਰਿਆ ਨੇ ਵੀ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ।
ਸੂਰਿਆ ਕੁਮਾਰ ਯਾਦਵ (Surya Kumar Yadav) ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ ਹੈ। ਆਈਸੀਸੀ ਵੱਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਸੂਰਿਆ ਦੇ ਹੁਣ 910 ਰੇਟਿੰਗ ਅੰਕ ਹਨ। ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਇਹ ਕਿਸੇ ਵੀ ਭਾਰਤੀ ਬੱਲੇਬਾਜ਼ ਦੀ ਸਰਵੋਤਮ ਰੈਂਕਿੰਗ ਹੈ।
ਅੰਕਾਂ ਦੇ ਮਾਮਲੇ ‘ਚ ਸੂਰਿਆ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਤੋਂ ਥੋੜ੍ਹਾ ਪਿੱਛੇ ਹੈ। ਮਲਾਨ ਨੇ T20I ਕ੍ਰਿਕੇਟ ਵਿੱਚ 915 ਰੇਟਿੰਗ ਅੰਕ ਹਾਸਿਲ ਕੀਤੇ ਹਨ ਜਦੋਂਕਿ ਸੂਰਿਆ ਹੁਣ ਉਸ ਤੋਂ ਸਿਰਫ 5 ਅੰਕ ਪਿੱਛੇ ਹੈ। ਮਲਾਨ ਨੇ 2020 ਵਿੱਚ ਕੇਪਟਾਊਨ ਵਿੱਚ 915 ਅੰਕ ਹਾਸਲ ਕੀਤੇ। ਸੂਰਿਆ ਨੇ ਰਾਂਚੀ ‘ਚ ਨਿਊਜ਼ੀਲੈਂਡ ਖ਼ਿਲਾਫ਼ ਮੌਜੂਦਾ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਪਹਿਲੇ ਮੈਚ ‘ਚ 47 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਉਸ ਨੇ ਦੂਜੇ ਮੈਚ ਵਿੱਚ ਅਜੇਤੂ 26 ਦੌੜਾਂ ਬਣਾਈਆਂ।