ਸੰਦੀਪ ਨੰਗਲ ਅੰਬੀਆਂ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ‘ਚ ਸੁਰਜਨਜੀਤ ਸਿੰਘ ਚੱਠਾ ਗ੍ਰਿਫਤਾਰ

ਚੰਡੀਗੜ੍ਹ,04 ਮਈ 2023: ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ (Sandeep Nangal Ambian) ਦੀ ਪਤਨੀ ਰੁਪਿੰਦਰ ਕੌਰ ਦੀ ਅਪੀਲ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕਤਲ ਕੇਸ ਵਿੱਚ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫਤਾਰ ਕਰ ਲਿਆ ਹੈ। ਰੁਪਿੰਦਰ ਕੌਰ ਨੇ ਕਰੀਬ 6 ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਅਪੀਲ ਕੀਤੀ ਸੀ ਕਿ ਕਰਤਾਰ ਪੈਲੇਸ, ਜਲੰਧਰ ‘ਚ ਮੌਜੂਦ ਚੱਠਾ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰੇ, ਉਸ ਸਮੇਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ |

ਪਰ ਪੁਲਿਸ ਨੇ ਬੀਤੀ ਰਾਤ ਸੁਰਜਨਜੀਤ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੱਠਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਗਈ ਪੁਲਿਸ ਕਾਰਵਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਪੁਲਿਸ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੈ।

ਸੰਦੀਪ ਨੰਗਲ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ । ਰੁਪਿੰਦਰ ਨੇ ਕਿਹਾ ਸੀ ਕਿ ਉਸ ਨੇ ਐਸਐਸਪੀ ਨੂੰ ਦੱਸਿਆ ਸੀ ਕਿ ਸੰਦੀਪ ਨੰਗਲ ਦੇ ਕਤਲ ਦਾ ਮੁਲਜ਼ਮ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ। ਜੇਕਰ ਮਾਮਲੇ ‘ਚ ਕੋਈ ਦੋਸ਼ੀ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਰੁਪਿੰਦਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਐੱਸਐੱਸਪੀ ਨੂੰ ਵੌਇਸ ਮੈਸੇਜ ਵੀ ਭੇਜਿਆ ਸੀ ਅਤੇ ਫ਼ੋਨ ਵੀ ਕੀਤਾ ਸੀ, ਪਰ ਪੁਲਿਸ ਦਾ ਕਹਿਣਾ ਕਿ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕੀਤੀ ਜਾ ਰਹੀ ਹੈ।

ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਐਸਐਸਪੀ ਨੂੰ ਫੋਨ ਕਰਕੇ ਦੱਸਿਆ ਕਿ ਮੁਲਜ਼ਮਾਂ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਗੱਡੀ ਚਲਾ ਕੇ ਫੜਿਆ ਜਾ ਸਕਦਾ ਹੈ। ਐਸਐਸਪੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਕਿਹਾ ਕਿ ਸਾਨੂੰ ਸਬੂਤ ਦਿਓ। ਰੁਪਿੰਦਰ ਨੇ ਕਿਹਾ ਕਿ ਸਬੂਤ ਦੇਖਣਾ ਅਦਾਲਤ ਦਾ ਕੰਮ ਹੈ। ਬਾਕੀ ਪੁਲਿਸ ਨੇ ਜੇਕਰ ਇਸ ਮਾਮਲੇ ‘ਚ ਸੁਰਜਨਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ ਤਾਂ ਉਹ ਕਿਸੇ ਨਾ ਕਿਸੇ ਆਧਾਰ ਜਾਂ ਸਬੂਤ ਨੂੰ ਦੇਖ ਕੇ ਹੀ ਕੀਤਾ ਹੈ।

ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਉਰਫ ਅੰਬੀਆ (Sandeep Nangal Ambian) ਦੀ ਪਿਛਲੇ ਸਾਲ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਪੰਜ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ਲਈ ਪਿੰਡ ਪੁੱਜਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ ਸੀ ।

Scroll to Top