ਰਾਜਸਥਾਨ, 10 ਨਵੰਬਰ 2025: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਜਸਥਾਨ ਦੇ ਫਲੋਦੀ ‘ਚ ਹੋਏ ਦਰਦਨਾਕ ਸੜਕ ਹਾਦਸੇ ਦਾ ਖੁਦ ਨੋਟਿਸ ਲਿਆ ਇਸ ਹਾਦਸੇ ‘ਚ 15 ਜਣਿਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ।
ਜਸਟਿਸ ਜੇ.ਕੇ. ਮਹੇਸ਼ਵਰੀ ਅਤੇ ਵਿਜੇ ਵਿਸ਼ਨੋਈ ਦੇ ਬੈਂਚ ਨੇ ਹਾਈਵੇਅ ਦੀ ਸੁਰੱਖਿਆ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੂੰ ਦੋ ਹਫ਼ਤਿਆਂ ਦੇ ਅੰਦਰ ਇੱਕ ਵਿਸਤ੍ਰਿਤ ਸਥਿਤੀ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਿਸ ‘ਚ ਰਾਜਸਥਾਨ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਸਥਿਤ ਢਾਬਿਆਂ ਅਤੇ ਹੋਰ ਅਦਾਰਿਆਂ ਦੀ ਗਿਣਤੀ ਅਤੇ ਸਥਿਤੀ ਦਾ ਵੇਰਵਾ ਦਿੱਤਾ ਹੋਵੇ। ਅਦਾਲਤ ਨੇ ਸੜਕਾਂ ਦੀ ਸਥਿਤੀ ਬਾਰੇ ਵੀ ਰਿਪੋਰਟ ਮੰਗੀ।
ਬੈਂਚ ਨੇ ਸੀਨੀਅਰ ਵਕੀਲ ਏ.ਐਸ. ਨਾਡਕਰਨੀ ਨੂੰ ਮਾਮਲੇ ‘ਚ ਐਮਿਕਸ ਕਿਊਰੀ ਨਿਯੁਕਤ ਕੀਤਾ ਅਤੇ ਨਿਰਦੇਸ਼ ਦਿੱਤਾ ਕਿ ਰਾਜਸਥਾਨ ਦੇ ਮੁੱਖ ਸਕੱਤਰ ਨੂੰ ਸਥਿਤੀ ਰਿਪੋਰਟ ਦਾਇਰ ਕਰਨ ਲਈ ਇੱਕ ਧਿਰ ਵਜੋਂ ਸ਼ਾਮਲ ਕੀਤਾ ਜਾਵੇ।
ਰਾਜਸਥਾਨ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਐਡਵੋਕੇਟ ਜਨਰਲ ਸ਼ਿਵ ਮੰਗਲ ਸ਼ਰਮਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਰਾਜਸਥਾਨ ਸਰਕਾਰ ਇਸ ਮਹੱਤਵਪੂਰਨ ਮੁੱਦੇ ‘ਤੇ ਅਦਾਲਤ ਨੂੰ ਹਰ ਸੰਭਵ ਤਰੀਕੇ ਨਾਲ ਪੂਰਾ ਸਹਿਯੋਗ ਅਤੇ ਸਹਾਇਤਾ ਕਰੇਗੀ।
ਅਦਾਲਤ ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ‘ਚ ਹੋਏ ਇੱਕ ਇਸੇ ਤਰ੍ਹਾਂ ਦੇ ਸੜਕ ਹਾਦਸੇ ਦਾ ਵੀ ਨੋਟਿਸ ਲਿਆ ਅਤੇ ਨਿਰਦੇਸ਼ ਦਿੱਤਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਇੱਕ ਧਿਰ ਬਣਾਇਆ ਜਾਵੇ ਤਾਂ ਜੋ ਰਾਸ਼ਟਰੀ ਰਾਜਮਾਰਗ ਸੁਰੱਖਿਆ ਅਤੇ ਸੜਕ ਕਿਨਾਰੇ ਬਣਤਰਾਂ ਦੇ ਨਿਯਮਨ ਲਈ ਇੱਕ ਤਾਲਮੇਲ ਵਾਲੀ ਨੀਤੀ ਅਤੇ ਪਹੁੰਚ ਅਪਣਾਈ ਜਾ ਸਕੇ।
Read More: ਜੈਪੁਰ ‘ਚ ਹਾਈ-ਟੈਂਸ਼ਨ ਲਾਈਨ ਨਾਲ ਟਕਰਾਈ ਬੱਸ, 3 ਦੀ ਮੌ.ਤ ਤੇ ਕਈਂ ਜ਼ਖਮੀ




