ਵਿਜੇ ਸ਼ਾਹ

ਸੁਪਰੀਮ ਕੋਰਟ ਵੱਲੋਂ ਮੰਤਰੀ ਵਿਜੇ ਸ਼ਾਹ ਦੀ ਮੁਆਫ਼ੀ ਰੱਦ, ਜਾਂਚ ਲਈ SIT ਗਠਨ ਦਾ ਹੁਕਮ

ਦਿੱਲੀ, 19 ਮਈ 2025: ਸੁਪਰੀਮ ਕੋਰਟ ਨੇ ਅੱਜ ਇੱਕ ਵਾਰ ਫਿਰ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਨੂੰ ਕਰਨਲ ਸੋਫੀਆ ਕੁਰੈਸ਼ੀ ਬਾਰੇ ਦਿੱਤੇ ਬਿਆਨ ਲਈ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਸ ਮਾਮਲੇ ‘ਚ ਮੰਤਰੀ ਦੀ ਮੁਆਫ਼ੀ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ। ਕੋਰਟ ਨੇ ਕਿਹਾ, “ਤੁਸੀਂ ਇੱਕ ਜਨਤਕ ਚਿਹਰਾ ਹੋ ਅਤੇ ਇੱਕ ਤਜਰਬੇਕਾਰ ਆਗੂ ਵੀ। ਤੁਹਾਨੂੰ ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਤੋਲਣਾ ਚਾਹੀਦਾ ਹੈ। ਸਾਨੂੰ ਤੁਹਾਡੇ ਵੀਡੀਓ ਇੱਥੇ ਚਲਾਉਣੇ ਚਾਹੀਦੇ ਹਨ। ਇਹ ਫੌਜ ਲਈ ਇੱਕ ਮਹੱਤਵਪੂਰਨ ਮੁੱਦਾ ਹੈ। ਸਾਨੂੰ ਇਸ ਮਾਮਲੇ ‘ਚ ਬਹੁਤ ਜ਼ਿੰਮੇਵਾਰ ਹੋਣਾ ਪਵੇਗਾ।”

ਵਿਜੇ ਸ਼ਾਹ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਮੁਆਫੀ ਮੰਗ ਲਈ ਹੈ। ਅਦਾਲਤ ਨੇ ਕਿਹਾ ਕਿ ਤੁਸੀਂ ਲੋਕਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ ਹੋ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਦੀ ਮੁਆਫ਼ੀ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ। ਅਦਾਲਤ ਨੇ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਸੁਪਰੀਮ ਕੋਰਟ ਨੇ ਵਿਜੇ ਸ਼ਾਹ ਦੀ ਗ੍ਰਿਫਤਾਰੀ ‘ਤੇ ਵੀ ਰੋਕ ਲਗਾ ਦਿੱਤੀ ਹੈ।

ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦੇ ਗਠਨ ਦਾ ਹੁਕਮ ਦਿੱਤਾ। ਇਸ ‘ਚ ਤਿੰਨ ਆਈਪੀਐਸ ਅਧਿਕਾਰੀ ਹੋਣਗੇ, ਜਿਨ੍ਹਾਂ ‘ਚ ਇੱਕ ਆਈਜੀ ਅਤੇ ਬਾਕੀ ਦੋ ਐਸਪੀ ਪੱਧਰ ਦੇ ਅਧਿਕਾਰੀ ਹੋਣਗੇ। ਇਨ੍ਹਾਂ ਅਧਿਕਾਰੀਆਂ ‘ਚੋਂ ਇੱਕ ਔਰਤ ਹੋਣਾ ਲਾਜ਼ਮੀ ਹੋਵੇਗਾ। ਸਾਰੇ ਅਧਿਕਾਰੀ ਮੱਧ ਪ੍ਰਦੇਸ਼ ਕੇਡਰ ਦੇ ਹੋ ਸਕਦੇ ਹਨ, ਪਰ ਉਹ ਸੂਬੇ ਦੇ ਮੂਲ ਨਿਵਾਸੀ ਨਹੀਂ ਹੋਣੇ ਚਾਹੀਦੇ। ਐਸਆਈਟੀ 28 ਮਈ ਤੱਕ ਸਥਿਤੀ ਰਿਪੋਰਟ ਦਾਇਰ ਕਰੇਗੀ।

Read More: ਸੁਪਰੀਮ ਕੋਰਟ ਨੇ ਮੰਤਰੀ ਵਿਜੇ ਸ਼ਾਹ ਨੂੰ ਪਾਈ ਝਾੜ, ਕਿਹਾ -“ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ‘ਤੇ ਹੋ”

Scroll to Top