ਦਿੱਲੀ, 11 ਸਤੰਬਰ 2025: IND ਬਨਾਮ PAK: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਮੈਚ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
ਸੁਪਰੀਮ ਕੋਰਟ ‘ਚ ਕਾਨੂੰਨ ਦੇ ਚਾਰ ਵਿਦਿਆਰਥੀਆਂ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਮੈਚ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਪਟੀਸ਼ਨ ਦੀ ਅਗਵਾਈ ਉਰਵਸ਼ੀ ਜੈਨ ਨਾਮ ਦੀ ਇੱਕ ਵਿਦਿਆਰਥਣ ਨੇ ਕੀਤੀ ਸੀ। ਪਟੀਸ਼ਨਰਾਂ ਨੇ ਕਿਹਾ ਕਿ ਪਹਿਲਗਾਮ ‘ਚ ਹਾਲ ਹੀ ‘ਚ ਹੋਏ ਅੱ.ਤ.ਵਾ.ਦੀ ਹਮਲੇ ਅਤੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਕਰਵਾਉਣਾ ਦੇਸ਼ ਦੀ ਸ਼ਾਨ ਅਤੇ ਜਨਤਕ ਭਾਵਨਾਵਾਂ ਦੇ ਵਿਰੁੱਧ ਹੈ।
ਜਦੋਂ ਵਕੀਲ ਨੇ ਅਦਾਲਤ ‘ਚ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ, ਤਾਂ ਜਸਟਿਸ ਜੇ ਕੇ ਮਹੇਸ਼ਵਰੀ ਅਤੇ ਜਸਟਿਸ ਵਿਜੇ ਬਿਸ਼ਨੋਈ ਦੀ ਸ਼ਮੂਲੀਅਤ ਵਾਲੇ ਸੁਪਰੀਮ ਕੋਰਟ ਦੇ ਬੈਂਚ ਨੇ ਟਿੱਪਣੀ ਕੀਤੀ, “ਇਸ ‘ਚ ਜਲਦੀ ਕੀ ਹੈ? ਇਹ ਸਿਰਫ਼ ਇੱਕ ਮੈਚ ਹੈ, ਇਸਨੂੰ ਹੋਣ ਦਿਓ। ਮੈਚ ਐਤਵਾਰ ਨੂੰ ਹੈ, ਹੁਣ ਕੀ ਕੀਤਾ ਜਾ ਸਕਦਾ ਹੈ?”
ਹਾਲਾਂਕਿ ਪਟੀਸ਼ਨ ‘ਚ ਉਠਾਏ ਗਏ ਮੁੱਦੇ ਦੇਸ਼ ਭਗਤੀ ਅਤੇ ਸੁਰੱਖਿਆ ਨਾਲ ਸਬੰਧਤ ਗੰਭੀਰ ਚਿੰਤਾਵਾਂ ‘ਤੇ ਅਧਾਰਤ ਸਨ, ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ‘ਚ ਤੁਰੰਤ ਦਖਲਅੰਦਾਜ਼ੀ ਸੰਭਵ ਨਹੀਂ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਮੈਚ ਵਰਗੇ ਸਮਾਗਮ ਨੂੰ ਰੋਕਣਾ ਅਦਾਲਤ ਦੇ ਅਧਿਕਾਰ ਖੇਤਰ ‘ਚ ਨਹੀਂ ਹੈ, ਖਾਸ ਕਰਕੇ ਜਦੋਂ ਸਮਾਂ ਵੀ ਸੀਮਤ ਹੋਵੇ।
ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਦੇਸ਼ ‘ਚ ਰਾਜਨੀਤਿਕ ਤਾਪਮਾਨ ਆਪਣੇ ਸਿਖਰ ‘ਤੇ ਹੈ। ਇਸ ਬਾਰੇ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਇਸ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦਾ ਵਿਰੋਧ ਕਰਾਂਗੇ। ਔਰਤਾਂ ਸੜਕਾਂ ‘ਤੇ ਨਿਕਲਣਗੀਆਂ ਅਤੇ ਸਾਡੀ ਮੁਹਿੰਮ ‘ਸੰਧੂਰ ਰੱਖਿਆ ਅਭਿਆਨ’ ਹੈ | ਉਨ੍ਹਾਂ ਕਿਹਾ ਕਿ ਜੇਕਰ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿਣਗੇ, ਤਾਂ ਖੂਨ ਅਤੇ ਕ੍ਰਿਕਟ ਇਕੱਠੇ ਕਿਵੇਂ ਚੱਲੇਗਾ? ਇਹ ਦੇਸ਼ਧ੍ਰੋਹ ਹੈ, ਬੇਸ਼ਰਮੀ ਹੈ।’
Read More: IND ਬਨਾਮ PAK: ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਦੀ ਵਿਕਰੀ ‘ਚ ਆਈ ਕਮੀ