ਚੰਡੀਗੜ੍ਹ, 14 ਜੂਨ 2024: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ NEET UG ਪੇਪਰ ਲੀਕ ਅਤੇ ਇਸ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਅਦਾਲਤ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ 2 ਹਫਤਿਆਂ ਦੇ ਅੰਦਰ ਇਸ ‘ਤੇ ਆਪਣਾ ਪੱਖ ਪੇਸ਼ ਕਰੇ। ਇਸ ਮਾਮਲੇ ‘ਤੇ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।
ਪਟੀਸ਼ਨਕਰਤਾ ਹਿਤੇਸ਼ ਸਿੰਘ ਕਸ਼ਯਪ ਨੇ ਦੋਸ਼ ਲਾਇਆ ਕਿ ਕਰਨਾਟਕ, ਉੜੀਸਾ, ਝਾਰਖੰਡ ਆਦਿ ਸੂਬਿਆ ਦੇ 26 ਵਿਦਿਆਰਥੀਆਂ ਨੇ ਗੋਧਰਾ, ਗੁਜਰਾਤ ਵਿੱਚ ਜੈ ਜਲ ਰਾਮ ਪ੍ਰੀਖਿਆ ਕੇਂਦਰ ਦੀ ਚੋਣ ਕਰਨ ਲਈ 10-10 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ।ਕਸ਼ਯਪ ਨੇ ਦੱਸਿਆ ਕਿ ਇਸ ਕੇਂਦਰ ‘ਚ ਡਿਊਟੀ ‘ਤੇ ਮੌਜੂਦ ਅਧਿਆਪਕ ਸਮੇਤ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਅਧਿਆਪਕ ਤੋਂ ਸਾਰੇ 26 ਵਿਦਿਆਰਥੀਆਂ ਦੇ ਵੇਰਵੇ ਪ੍ਰਾਪਤ ਹੋਏ ਹਨ। ਇਸ ਲਈ ਇਸ ਮਾਮਲੇ ਦੀ ਸੀਬੀਆਈ ਜਾਂਚ ਜ਼ਰੂਰੀ ਹੈ।
ਵਿਦਿਆਰਥੀਆਂ ਨੇ NEET ਵਿੱਚ ਬੇਨਿਯਮੀਆਂ ਨੂੰ ਲੈ ਕੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਯੂਪੀ ਸਮੇਤ 7 ਸੂਬਿਆਂ ਦੀਆਂ ਹਾਈ ਕੋਰਟਾਂ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਹਨ। ਐਨ.ਟੀ.ਏ ਨੇ ਕਿਹਾ ਹੈ ਕਿ ਵੱਖ-ਵੱਖ ਅਦਾਲਤਾਂ ਵੱਲੋਂ ਵੱਖ-ਵੱਖ ਫੈਸਲੇ ਦੇਣ ਨਾਲ ਵਿਦਿਆਰਥੀਆਂ ‘ਚ ਭੰਬਲਭੂਸਾ ਪੈਦਾ ਹੋ ਸਕਦਾ ਹੈ। ਇਸ ਲਈ ਸਾਰੇ ਕੇਸ ਸੁਪਰੀਮ ਕੋਰਟ ਨੂੰ ਟਰਾਂਸਫਰ ਕੀਤੇ ਜਾਣੇ ਚਾਹੀਦੇ ਹਨ।