ਚੰਡੀਗੜ੍ਹ, 19 ਅਕਤੂਬਰ 2023: ਨਿਊਜ਼ ਕਲਿੱਕ (NewsClick) ਦੇ ਸੰਸਥਾਪਕ ਅਤੇ ਸੰਪਾਦਕ ਇਨ ਚੀਫ ਪ੍ਰਬੀਰ ਪੁਰਕਾਯਸਥ ਅਤੇ ਐਚਆਰ ਹੈੱਡ ਅਮਿਤ ਚੱਕਰਵਰਤੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ।
ਪ੍ਰਬੀਰ ਪੁਰਕਾਯਸਥ ਅਤੇ ਅਮਿਤ ਚੱਕਰਵਰਤੀ ਨੇ ਯੂਏਪੀਏ ਕਾਨੂੰਨ ਤਹਿਤ ਆਪਣੀ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪ੍ਰਬੀਰ ਪੁਰਕਾਯਸਥ ਅਤੇ ਅਮਿਤ ਚੱਕਰਵਰਤੀ ‘ਤੇ ਚੀਨ ਤੋਂ ਫੰਡ ਲੈ ਕੇ ਦੇਸ਼ ਵਿਰੋਧੀ ਪ੍ਰਚਾਰ ਕਰਨ ਦਾ ਦੋਸ਼ ਹੈ। ਜਸਟਿਸ ਬੀਆਰ ਗਵਈ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਡਿਵੀਜ਼ਨ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਬੈਂਚ ਨੇ ਇਸ ਦੀ ਅਗਲੀ ਤਾਰੀਖ਼ 30 ਅਕਤੂਬਰ ਤੈਅ ਕੀਤੀ ਹੈ।
ਪ੍ਰਬੀਰ ਪੁਰਕਾਯਸਥ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਦੀ ਉਮਰ 72 ਸਾਲ ਹੈ। ਕਿਰਪਾ ਕਰਕੇ ਇਸ ਵੱਲ ਧਿਆਨ ਦਿਓ। ਇਸ ‘ਤੇ ਜਸਟਿਸ ਗਵਈ ਨੇ ਕਿਹਾ ਕਿ ਕੱਲ੍ਹ ਹੀ ਇਸ ਦੀ ਸੁਣਵਾਈ ਸੰਭਵ ਨਹੀਂ ਹੈ, ਇਸ ਨੂੰ 30 ਅਕਤੂਬਰ ਤੱਕ ਸੂਚੀਬੱਧ ਕੀਤਾ ਜਾਵੇ।
ਪਿਛਲੇ ਹਫਤੇ ਦਿੱਲੀ ਹਾਈਕੋਰਟ ਨੇ ਪੁਰਕਾਯਸਥ ਅਤੇ ਚੱਕਰਵਰਤੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਪੁਲਿਸ ਰਿਮਾਂਡ ਨੂੰ ਬਰਕਰਾਰ ਰੱਖਿਆ ਸੀ। ਇਹ ਦੋਵੇਂ 10 ਅਕਤੂਬਰ ਤੋਂ ਨਿਆਂਇਕ ਹਿਰਾਸਤ ਵਿੱਚ ਹਨ।