ਚੰਡੀਗੜ੍ਹ, 04 ਅਗਸਤ, 2025: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦਾ ਕਹਿਣਾ ਹੈ ਕਿ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਮਾਮਲੇ ‘ਚ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਗਾਂਧੀ ਪਰਿਵਾਰ ਦੀ ਦੇਸ਼ ਵਿਰੋਧੀ ਮਾਨਸਿਕਤਾ ਨੂੰ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ।
ਸੁਪਰੀਮ ਕੋਰਟ ਦੀ ਇਹ ਟਿੱਪਣੀ ਕਿ “ਕੋਈ ਵੀ ਸੱਚਾ ਭਾਰਤੀ ਅਜਿਹਾ ਬਿਆਨ ਨਹੀਂ ਦੇ ਸਕਦਾ” – ਰਾਹੁਲ ਗਾਂਧੀ ‘ਤੇ ਇੱਕ ਗੰਭੀਰ ਟਿੱਪਣੀ ਹੈ ਅਤੇ ਇਸ ਲਈ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਤਰੁਣ ਚੁੱਘ ਨੇ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਮਾਣਹਾਨੀ ਦੀ ਕਾਰਵਾਈ ਤੋਂ ਰਾਹਤ ਦਿੱਤੀ ਹੈ, ਪਰ ਅਦਾਲਤ ਦੀਆਂ ਟਿੱਪਣੀਆਂ ਦੇਸ਼ ਲਈ ਬਹੁਤ ਚਿੰਤਾ ਦਾ ਵਿਸ਼ਾ ਹਨ। ਸੁਪਰੀਮ ਕੋਰਟ ਦੀ ਇਸ ਸਪੱਸ਼ਟ ਟਿੱਪਣੀ ਤੋਂ ਬਾਅਦ, ਹੁਣ ਦੇਸ਼ ਲਈ ਇੱਕ ਵੱਡੀ ਚੇਤਾਵਨੀ ਹੈ ਕਿ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਕਿਸ ਦਿਸ਼ਾ ਵੱਲ ਜਾ ਰਹੀ ਹੈ।
ਤਰੁਣ ਚੁੱਘ ਨੇ ਕਿਹਾ ਕਿ ਹੁਣ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਰਾਹੁਲ ਗਾਂਧੀ ਚੀਨ ਅਤੇ ਪਾਕਿਸਤਾਨ ਨਾਲ ਦੋਸਤੀ ਦੇ ਪੁਲ ਬਣਾ ਕੇ ਮੋਦੀ ਸਰਕਾਰ ਦੇ ਲੋਕ ਭਲਾਈ ਕਾਰਜਾਂ ‘ਚ ਰੁਕਾਵਟ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਪੂਰਾ ਦੇਸ਼ ਜਾਣਦਾ ਹੈ ਕਿ ਪੁਲਵਾਮਾ ਹਮਲੇ ਦੌਰਾਨ ਰਾਹੁਲ ਗਾਂਧੀ ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਚੀਨੀ ਰਾਜਦੂਤ ਨਾਲ ‘ਕੋਜ਼ੀ ਬ੍ਰੇਕਫਾਸਟ’ ਕਰ ਰਹੇ ਸਨ।
ਅੱਜ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਰਾਹੁਲ ਗਾਂਧੀ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ। ਚੁੱਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗਾਂਧੀ ਪਰਿਵਾਰ ਸਸਤੀ ਰਾਜਨੀਤੀ ਲਈ ਦੇਸ਼ ਵਿਰੋਧੀ ਏਜੰਡੇ ਨੂੰ ਉਤਸ਼ਾਹਿਤ ਕਰਨਾ ਬੰਦ ਕਰੇ, ਅਤੇ ਵਿਦੇਸ਼ੀ ਸ਼ਕਤੀਆਂ ਦੇ ਹੱਥਾਂ ‘ਚ ਕਠਪੁਤਲੀਆਂ ਬਣਨ ਤੋਂ ਬਚੇ।
ਤਰੁਣ ਚੁੱਘ ਨੇ ਇਹ ਵੀ ਯਾਦ ਦਿਵਾਇਆ ਕਿ ਕਾਂਗਰਸ ਪਾਰਟੀ ਨੇ 2008 ‘ਚ ਚੀਨੀ ਕਮਿਊਨਿਸਟ ਪਾਰਟੀ ਨਾਲ ਇੱਕ ਗੁਪਤ ਸਮਝੌਤਾ ਕੀਤਾ ਸੀ – ਜਿਸ ‘ਤੇ ਕਾਂਗਰਸ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕੀ ਹੈ। ਜਦੋਂ ਕਾਂਗਰਸ ਪਾਰਟੀ ਵਿਦੇਸ਼ੀ ਦੇਸ਼ਾਂ ਨਾਲ ਗੁਪਤ ਸੌਦੇ ਕਰਦੀ ਹੈ ਅਤੇ ਫਿਰ ਉਨ੍ਹਾਂ ਦੇ ਹੱਕ ‘ਚ ਬਿਆਨ ਦਿੰਦੀ ਹੈ, ਤਾਂ ਇਹ ਸ਼ੱਕ ਪੈਦਾ ਕਰਦਾ ਹੈ ਕਿ ਉਹ ਕਿਸ ਦੇ ਪੱਖ ‘ਚ ਖੜ੍ਹੀ ਹੈ – ਭਾਰਤ ਨਾਲ ਜਾਂ ਆਪਣੇ ਵਿਰੋਧੀਆਂ ਨਾਲ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਗਾਂਧੀ ਨੇ ਭਾਰਤ ਦੀ ਸ਼ਾਨ ‘ਤੇ ਹਮਲਾ ਕੀਤਾ ਹੈ। ਭਾਵੇਂ ਗਲਵਾਨ ‘ਚ ਸ਼ਹੀਦ ਹੋਏ ਸੈਨਿਕਾਂ ਦੀ ਬਹਾਦਰੀ ‘ਤੇ ਸਵਾਲ ਉਠਾਉਣਾ ਹੋਵੇ ਜਾਂ ਸਰਜੀਕਲ ਸਟ੍ਰਾਈਕ ਦਾ ਮਜ਼ਾਕ ਉਡਾਉਣਾ ਹੋਵੇ – ਰਾਹੁਲ ਗਾਂਧੀ ਵਾਰ-ਵਾਰ ਸਾਡੀ ਫੌਜ ਦਾ ਮਨੋਬਲ ਡੇਗਣ ਦਾ ਕੰਮ ਕਰ ਰਹੇ ਹਨ। ਸੁਪਰੀਮ ਕੋਰਟ ਦੀ ਇਹ ਟਿੱਪਣੀ ਇਸੇ ਕ੍ਰਮ ਦਾ ਹਿੱਸਾ ਹੈ।
Read More: ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਲੁਧਿਆਣਾ ‘ਚ ਭਾਜਪਾ ਦਫ਼ਤਰ ‘ਚ ਇੱਕ ਕਰਨਗੇ ਪ੍ਰੈਸ ਕਾਨਫਰੰਸ