ਚੰਡੀਗੜ੍ਹ, 14 ਅਪ੍ਰੈਲ 2025: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਅੱਜ ਲੁਧਿਆਣਾ ਨਗਰ ਨਿਗਮ ‘ਚ ਤਾਇਨਾਤ ਸੁਪਰਡੈਂਟ ਇੰਜੀਨੀਅਰ ਸੰਜੇ ਕੰਵਰ ਨੂੰ ਇੱਕ ਠੇਕੇਦਾਰ ਤੋਂ ਕਮਿਸ਼ਨ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਲੁਧਿਆਣਾ ਦੇ ਇੱਕ ਠੇਕੇਦਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ ਹੈ।
ਵਿਜੀਲੈਂਸ (Vigilance Bureau) ਮੁਤਾਬਕ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਨਹਿਰੂ ਰੋਜ਼ ਗਾਰਡਨ, ਸਿਵਲ ਲਾਈਨਜ਼, ਲੁਧਿਆਣਾ ਵਿਖੇ ਪੁਨਰ ਵਿਕਾਸ ਪ੍ਰੋਜੈਕਟ ਲਈ ਟੈਂਡਰ ਲਈ ਅਰਜ਼ੀ ਦਿੱਤੀ ਸੀ ਅਤੇ ਉਕਤ ਮੁਲਜ਼ਮ ਐਸਈ ਨੇ ਟੈਂਡਰ ਅਲਾਟ ਕਰਨ ਬਦਲੇ ਉਸ ਤੋਂ 10 ਫੀਸਦੀਕਮਿਸ਼ਨ ਦੇ ਰੂਪ ‘ਚ ਰਿਸ਼ਵਤ ਦੀ ਮੰਗ ਕੀਤੀ। ਰਿਸ਼ਵਤ ਮੰਗਣ ਸੰਬੰਧੀ ਗੱਲਬਾਤ ਸ਼ਿਕਾਇਤਕਰਤਾ ਦੁਆਰਾ ਰਿਕਾਰਡ ਕੀਤੀ ਸੀ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਉਕਤ ਮੁਲਜ਼ਮਐਸਈ ਸੰਜੇ ਕੰਵਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਲੁਧਿਆਣਾ ਰੇਂਜ ਪੁਲਿਸ ਸਟੇਸ਼ਨ ‘ਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਭਲਕੇ ਸਮਰੱਥ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ |
Read More: ਵਿਜੀਲੈਂਸ ਬਿਊਰੋ ਨੇ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ SHO ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ