July 7, 2024 4:53 pm
Sumit Nagal

ਸੁਮਿਤ ਨਾਗਲ ਨੇ ਆਸਟਰੇਲੀਅਨ ਓਪਨ ‘ਚ ਕੀਤਾ ਵੱਡਾ ਉਲਟਫੇਰ, 1989 ਤੋਂ ਬਾਅਦ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ

ਚੰਡੀਗੜ੍ਹ, 16 ਜਨਵਰੀ 2024: ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ (Sumit Nagal) ਨੇ ਆਸਟ੍ਰੇਲੀਅਨ ਓਪਨ ਟੂਰਨਾਮੈਂਟ ‘ਚ ਵੱਡਾ ਉਲਟਫੇਰ ਕੀਤਾ ਹੈ। ਸੁਮਿਤ ਨੇ ਆਸਟ੍ਰੇਲੀਅਨ ਓਪਨ ਵਿੱਚ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿੱਚ ਥਾਂ ਬਣਾ ਲਈ ਹੈ। ਮੁੱਖ ਰਾਊਂਡ ਦੇ ਪਹਿਲੇ ਮੁਕਾਬਲੇ ਵਿੱਚ ਸੁਮਿਤ ਨੇ 27ਵੀਂ ਰੈਂਕਿੰਗ ਦੇ ਅਲੈਗਜ਼ੈਂਡਰ ਬਬਲਿਕ ਨੂੰ ਹਰਾਇਆ ਹੈ । ਸੁਮਿਤ ਨਾਗਲ ਨੇ ਇਹ ਮੈਚ ਸਿੱਧੇ ਸੈੱਟਾਂ ਵਿੱਚ 6-4, 6-2, 7-6 ਨਾਲ ਜਿੱਤ ਲਿਆ। ਅਲੈਗਜ਼ੈਂਡਰ ਨੂੰ ਇਸ ਟੂਰਨਾਮੈਂਟ ਵਿੱਚ 31ਵਾਂ ਦਰਜਾ ਦਿੱਤਾ ਗਿਆ ਹੈ।

ਸੁਮਿਤ ਨਾਗਲ (Sumit Nagal) 2013 ਤੋਂ ਬਾਅਦ ਸਿੰਗਲਜ਼ ਦੇ ਦੂਜੇ ਦੌਰ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਹੈ। ਸੋਮਦੇਵ ਦੇਵਬਰਮਨ ਨੇ 2013 ਵਿੱਚ ਦੂਜੇ ਦੌਰ ਵਿੱਚ ਥਾਂ ਬਣਾਈ ਸੀ। 1989 ਤੋਂ ਬਾਅਦ ਪਹਿਲੀ ਵਾਰ ਕਿਸੇ ਭਾਰਤੀ ਖਿਡਾਰੀ ਨੇ ਆਸਟ੍ਰੇਲੀਅਨ ਓਪਨ ਦੇ ਸਿੰਗਲ ਮੈਚ ਵਿੱਚ ਕਿਸੇ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ ਹੈ। ਰਮੇਸ਼ ਕ੍ਰਿਸ਼ਨਨ ਨੇ 1989 ‘ਚ ਅਜਿਹਾ ਕੀਤਾ ਸੀ। ਫਿਰ ਉਸ ਨੇ ਦੂਜੇ ਦੌਰ ਵਿੱਚ ਸਵੀਡਨ ਦੇ ਮੈਟਸ ਵਿਲੇਂਡਰ ਨੂੰ ਹਰਾਇਆ। ਵਿਲੈਂਡਰ ਉਸ ਸਮੇਂ ਟੈਨਿਸ ਰੈਂਕਿੰਗ ‘ਚ ਦੁਨੀਆ ਦਾ ਚੋਟੀ ਦਾ ਖਿਡਾਰੀ ਸੀ।

ਸੁਮਿਤ ਨੇ ਦੂਜੀ ਵਾਰ ਕਿਸੇ ਗ੍ਰੈਂਡ ਸਲੈਮ ਦਾ ਮੁੱਖ ਦੌਰ ਜਿੱਤਿਆ ਹੈ। ਇਸ ਤੋਂ ਪਹਿਲਾਂ 2020 ਯੂਐਸ ਓਪਨ ਵਿੱਚ ਉਹ ਮੁੱਖ ਡਰਾਅ ਵਿੱਚ ਇੱਕ ਮੈਚ ਜਿੱਤਣ ਵਿੱਚ ਸਫਲ ਰਿਹਾ ਸੀ। ਉਸ ਨੇ ਸੱਤਵੀਂ ਵਾਰ ਟੈਨਿਸ ਰੈਂਕਿੰਗ ਵਿੱਚ ਸਿਖਰਲੇ 100 ਵਿੱਚ ਸ਼ਾਮਲ ਕਿਸੇ ਖਿਡਾਰੀ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਵਿਰੋਧੀ ਖਿਡਾਰੀ ਦੀ ਰੈਂਕਿੰਗ ਦੇ ਲਿਹਾਜ਼ ਨਾਲ ਸੁਮਿਤ ਦੀ ਇਹ ਦੂਜੀ ਵੱਡੀ ਜਿੱਤ ਹੈ।