ਚੰਡੀਗੜ੍ਹ, 11 ਜਨਵਰੀ 2024: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Khaira) ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੁਭਾਨਪੁਰ ਥਾਣੇ ‘ਚ ਆਪਣੇ ਖ਼ਿਲਾਫ਼ ਦਰਜ FIR ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਜਸਟਿਸ ਵਿਕਾਸ ਬਹਿਲ ਨੇ ਕੁਝ ਕਾਰਨਾਂ ਕਰਕੇ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਪਟੀਸ਼ਨ ਨੂੰ ਕਿਸੇ ਹੋਰ ਬੈਂਚ ਕੋਲ ਭੇਜ ਦਿੱਤਾ ਗਿਆ।
ਸੁਖਪਾਲ ਖਹਿਰਾ (Sukhpal Khaira) ਨੇ ਪਟੀਸ਼ਨ ‘ਚ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਇਹ ਐਫਆਈਆਰ ਪੂਰੀ ਤਰ੍ਹਾਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੀ ਗਈ ਹੈ ਅਤੇ ਇਹ ਐਫਆਈਆਰ ਬਿਨਾਂ ਕਿਸੇ ਠੋਸ ਆਧਾਰ ਦੇ ਦਰਜ ਕੀਤੀ ਗਈ ਹੈ, ਇਸ ਲਈ ਇਸ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹੁਣ ਹਾਈਕੋਰਟ ਦਾ ਇੱਕ ਹੋਰ ਬੈਂਚ ਇਸ ਪਟੀਸ਼ਨ ‘ਤੇ ਸੁਣਵਾਈ ਕਰੇਗਾ।
ਜਿਕਰਯੋਗ ਹੈ ਕਿ 4 ਜਨਵਰੀ ਨੂੰ ਸੁਭਾਨਪੁਰ ਦੇ ਡੋਗਰਾਂਵਾਲ ਦੀ ਰਹਿਣ ਵਾਲੀ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਧਾਰਾ 195-ਏ ਅਤੇ 506 ਆਈਪੀਸੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।