ਚੰਡੀਗੜ੍ਹ, 03 ਜੁਲਾਈ 2023: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਸਰਕਾਰ ਨੂੰ ਢੁੱਕਵਾਂ ਨਾਂ ਦਿੱਤਾ ਜਾਵੇ। ਪੰਜਾਬ ਕਾਂਗਰਸ ਨੇ ਮਾਨ ਸਰਕਾਰ ਨੂੰ ਮਸ਼ਹੂਰੀਆਂ ਵਾਲੀ ਸਰਕਾਰ ਦਾ ਨਾਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਮਸ਼ਹੂਰੀਆਂ ਵਾਲੀ ਮੁੱਖ ਮੰਤਰੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਖ਼ਤਮ ਕਰਨ ’ਚ ਇਹ ਪੰਜਾਬ ਸਰਕਾਰ ਨਾਕਾਮ ਰਹੀ ਹੈ। ਨਸ਼ਾ ਖ਼ਤਮ ਨਹੀਂ ਹੋਇਆ ਤੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਨੂੰਨ ਵਿਵਸਥਾ ਸੁਧਾਰਨ ’ਚ ਸਰਕਾਰ ਅਸਫ਼ਲ ਰਹੀ ਹੈ।
ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ ਸੰਬੰਧੀ ਹੋਇਆ ਖਰਚਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲਣ ਦੇ ਬਿਆਨ ਤੋਂ ਬਾਅਦ ਕਾਂਗਰਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੀ ਨਜ਼ਰ ਆ ਰਹੀ ਹੈ| ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਅੰਸਾਰੀ ਮਾਮਲੇ ਵਿੱਚ ਕੋਈ ਅਦਾਇਗੀ ਨਹੀਂ ਕੀਤੀ ਅਤੇ ਫਾਈਲ ਵਾਪਸ ਕਰ ਦਿੱਤੀ ਹੈ।
ਉਨ੍ਹਾਂ ਪੁੱਛਿਆ ਕਿ ਜਦੋਂ ਕੋਈ ਅਦਾਇਗੀ ਨਹੀਂ ਹੋਈ, ਸਬੰਧਤ ਵਿਅਕਤੀ ਨੂੰ ਉਸ ਦੇ ਪੈਸੇ ਨਹੀਂ ਮਿਲੇ ਤਾਂ ਫਿਰ ਉਸ ਕੋਲੋਂ ਰਿਕਵਰੀ ਕਿਸ ਗੱਲ ਦੀ ? ਦੂਜੇ ਪਾਸੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ 55 ਲੱਖ ਰੁਪਏ ਦੇਣ ਦਾ ਪਹਿਲਾ ਝੂਠ ਬੋਲਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਸੀਐਮ ਵੱਲੋਂ 55 ਲੱਖ ਰੁਪਏ ਦੇ ਦਸਤਖ਼ਤ ਕਰਵਾ ਕੇ ਫੀਸ ਭੇਜੀ ਗਈ ਹੈ। ਪਰ ਅਸਲ ਵਿੱਚ 17.60 ਲੱਖ ਰੁਪਏ ਬਣਦਾ ਹੈ। ਦੂਜਾ, 7 ਜਨਵਰੀ 2022 ਨੂੰ ਏਜੀ ਪੰਜਾਬ, ਏਸੀਐਸ ਹੋਮ, ਏਸੀਐਸ ਵਿੱਤ, ਏਸੀਐਸ ਜੇਲ੍ਹ ਅਤੇ ਏਡੀਜੀਪੀ ਜੇਲ੍ਹ ਵਿਚਕਾਰ ਮੀਟਿੰਗ ਹੁੰਦੀ ਹੈ
ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਦੀ ਇਸ ਕਾਰਵਾਈ ਵਿੱਚ ਕਦੇ ਕੋਈ ਭੂਮਿਕਾ ਨਹੀਂ ਰਹੀ। ਏਜੀ ਕੇਸ ਬਾਰੇ ਵਿਭਾਗ ਨੂੰ ਲਿਖਦਾ ਹੈ ਅਤੇ ਵਕੀਲ ਨੂੰ ਸ਼ਾਮਲ ਕਰਨ ਲਈ ਫਾਈਲ ਮੁੱਖ ਮੰਤਰੀ ਨੂੰ ਭੇਜਦਾ ਹੈ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੇ 27 ਨਵੰਬਰ 2018 ਨੂੰ ਸਥਾਈ ਆਰਡਰ ਜਾਰੀ ਕੀਤੇ ਸਨ। ਇਸ ਤਹਿਤ ਕਿਸੇ ਵੀ ਮੰਤਰੀ ਵੱਲੋਂ ਤਬਾਦਲੇ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾਣਾ ਸੀ। ਵਧੀਕ ਮੁੱਖ ਸਕੱਤਰ ਜੇਲ੍ਹ ਨੂੰ ਆਪਣੇ ਪੱਧਰ ’ਤੇ ਫੈਸਲਾ ਲੈਣਾ ਪਿਆ ਕਿਉਂਕਿ ਸਿਆਸੀ ਵਿਅਕਤੀ ਵੱਲੋਂ ਗਲਤੀ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੋਲੇ-ਭਾਲੇ ਕਰਾਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਉਹ ਟਵਿਟਰ-ਟਵਿਟਰ ਖੇਡਣ ‘ਚ ਵਿਸ਼ਵਾਸ ਨਹੀਂ ਰੱਖਦੇ। ਉਨ੍ਹਾਂ ਨੇ ਕਿਹਾ ਕਿ ਅਨੁਭਵਹੀਣਤਾ ਪੰਜਾਬ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ‘ਤੇ ਮਾਣਹਾਨੀ ਦਾ ਕੇਸ ਕਰਨਗੇ |