Sukhbir Singh Badal

ਸੁਖਬੀਰ ਸਿੰਘ ਬਾਦਲ ਵੱਲੋਂ ਅਰਵਿੰਦ ਕੇਜਰੀਵਾਲ ਤੋਂ 50 ਹਜ਼ਾਰ ਕਰੋੜ ਦੇ ਨਿਵੇਸ਼ ਬਾਰੇ ਜਵਾਬ ਦੇਣ ਦੀ ਮੰਗ

ਬਠਿੰਡਾ, 02 ਅਕਤੂਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਪੰਜਾਬ ਵਿਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਿਥੇ ਹੋਇਆ ਹੈ ਤੇ ਜ਼ੋਰ ਦੇ ਕੇ ਕਿਹਾ ਕਿ ਨਿਵੇਸ਼ ਦੀ ਗੱਲ ਤਾਂ ਭੁੱਲ ਜਾਓ, ਬੁਨਿਆਦੀ ਢਾਂਚੇ ਦੇ ਵਿਕਾਸ ਦਾ ਕੋਈ ਪ੍ਰਾਜੈਕਟ ਵੀ ਦੋ ਸਾਲਾਂ ਵਿਚ ਪੰਜਾਬ ਨਹੀਂ ਆਇਆ ਹੈ ਤੇ ਸਮਾਜ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਪੰਜਾਬ ਵਿਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਣ ਦੇ ਕੀਤੇ ਅਰਵਿੰਦ ਕੇਜਰੀਵਾਲ ਦੇ ਦਾਅਵੇ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨੂੰ ਇਹ ਦੱਸਣਾ ਹੈ ਕਿ ਉਹਨਾਂ ਦੇ ਦਾਅਵੇ ਪਿੱਛੇ ਸੱਚ ਕੀ ਹੈ ਜਾਂ ਫਿਰ ਉਹਨਾਂ ਨੂੰ ਪੰਜਾਬੀਆਂ ਨੂੰ ਝੂਠ ਬੋਲਣ ਦੀ ਮੁਆਫੀ ਮੰਗਣੀ ਚਾਹੀਦੀ ਹੈ।

ਉਹਨਾਂ (Sukhbir Singh Badal) ਕਿਹਾ ਕਿ ਨਿਵੇਸ਼ ਦੀ ਤਾਂ ਗੱਲ ਹੀ ਛੱਡੋ, ਆਪ ਸਰਕਾਰ ਦੇ ਰਾਜ ਵਿਚ ਪੰਜਾਬ ਦੇ ਉਦਯੋਗ ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਵਿਚ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਬੀ.ਐਮ.ਡਬਲਿਊ ਵੱਲੋਂ ਪੰਜਾਬ ਵਿਚ ਨਿਵੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੀ ਐਮ ਡਬਲਿਊ ਵੱਲੋਂ ਜਾਰੀ ਖੰਡਨ ਮਗਰੋਂ ਕੇਜਰੀਵਾਲ ਹੁਣ ਫਿਰ ਅਜਿਹੇ ਹੀ ਦਾਅਵੇ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ।ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪਟਿਆਲਾ ਫੇਰੀ ਦੌਰਾਨ ਵੱਡੇ-ਵੱਡੇ ਝੂਠ ਬੋਲੇ ਹਨ। ਉਹਨਾਂ ਕਿਹਾ ਕਿ ਮਾਤਾ ਕੌਸ਼ਲਿਆ ਹਸਪਤਾਲ ਦੇ ਇਕ ਵਾਰਡ ਦੀ ਲੀਪਾ ਪੋਚੀ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਮਾਤਾ ਕੌਸ਼ਲਿਆ ਹਸਪਤਾਲ ਅਕਾਲੀ ਦਲ ਦੀ ਸਰਕਾਰ ਵੇਲੇ ਢਾਹਿਆ ਗਿਆ ਤੇ ਮੁੜ ਉਸਾਰਿਆ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸਿਰਫ ਇਕ ਵਾਰਡ ਦਾ ਨਵੀਨੀਕਰਨ ਕੀਤਾ ਗਿਆ ਹੈ ਤੇ ਇਸ ਮੁੱਦੇ ’ਤੇ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਕੌਮੀ ਪੱਧਰ ’ਤੇ ਦੂਜੇ ਸਥਾਨ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬੀ ਜਾਣਦੇ ਹਨ ਕਿ ਇਹ ਕੋਰਾ ਝੂਠ ਹੈ। ਗੈਂਗਸਟਰਾਂ ਨੂੰ ਖੁੱਲ੍ਹੀ ਛੋਟ ਦਿੱਤੀ ਗਈ ਹੈ ਤੇ ਆਪ ਵਿਧਾਇਕ ਅਪਰਾਧੀ ਤੱਤਾਂ ਨਾਲ ਰਲ ਕੇ ਕੰਮ ਕਰ ਰਹੇ ਹਨ ਤੇ ਨਸ਼ਾ ਮਾਫੀਆ ਪੂਰਾ ਸਰਗਰਮ ਹੈ ਤੇ ਇਸੇ ਕਾਰਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ ਹੈ।

ਉਹਨਾਂ (Sukhbir Singh Badal) ਕਿਹਾ ਕਿ ਮੁੱਖ ਮੰਤਰੀ ਨੇ ਪੁਲਿਸ ਬਲ ਦਾ ਮਨੋਬਲ ਡੇਗਿਆ ਹੈ ਤੇ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿਚ ਖਡੂਰ ਸਾਹਿਬ ਦੇ ਵਿਧਾਇਕ ਦੇ ਜੀਜਾ ਦੀ ਗ੍ਰਿਫਤਾਰੀ ਵਾਸਤੇ ਇਮਾਨਦਾਰ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਹੈ। ਉਹਨਾਂ ਨੇ ਐਨ ਸੀ ਆਰ ਬੀ ਦੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਕਿਵੇਂ ਆਪ ਸਰਕਾਰ ਦੇ ਰਾਜ ਵਿਚ 310 ਨੌਜਵਾਨ ਨਸ਼ਿਆਂ ਕਾਰਨ ਮਾਰੇ ਗਏ ਹਨ।

ਆਪ ਸਰਕਾਰ ਦੇ ਰਾਜ ਵਿਚ ਸਿੱਖਿਆ ਤੇ ਸਿਹਤ ਖੇਤਰ ਵਿਚ ਆਈ ਕ੍ਰਾਂਤੀ ਜਿਸਦਾ ਅੱਜ ਸ੍ਰੀ ਕੇਜਰੀਵਾਲ ਨੇ ਜ਼ਿਕਰ ਕੀਤਾ, ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਕ੍ਰਾਂਤੀ ਦੀ ਬਦੌਲਤ 750 ਕਰੋੜ ਰੁਪਏ ਸਸਤੀ ਸ਼ੋਹਰਤ ਵਾਸਤੇ ਖਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪਹਿਲਾਂ ਸੇਵਾ ਕੇਂਦਰਾਂ ’ਤੇ ਲੀਪਾ ਪੋਚੀ ਕਰਕੇ ਉਹਨਾਂ ਨੂੰ ਮੁਹੱਲਾ ਕਲੀਨਿਕ ਬਣਾਇਆ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਮੈਰੀਟੋਰੀਅਸ ਸਕੂਲਾਂ ’ਤੇ ਲੀਪਾ ਪੋਚੀ ਕਰ ਕੇ ਉਹਨਾਂ ਨੂੰ ਸਕੂਲ ਆਫ ਐਮੀਨੈਂਸ ਬਣਾਇਆ। ਉਹਨਾਂ ਕਿਹਾ ਕਿ ਅੱਜ ਅਸੀਂ ਵੇਖਿਆ ਹੈ ਕਿ ਕਿਵੇਂ ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ ਦੀ ਲੀਪਾ ਪੋਚੀ ਕਰ ਕੇ ਇਕ ਵਾਰਡ ਨੂੰ ਵਿਸ਼ੇਸ਼ ਵਾਰਡ ਬਣਾਇਆ ਗਿਆ ਤੇ ਉਸ ਵਿਚ ਕੋਈ ਨਵੇਂ ਡਾਕਟਰ ਤਾਇਨਾਤ ਨਹੀਂ ਕੀਤੇ ਗਏ।

ਸਰਦਾਰ ਬਾਦਲ (Sukhbir Singh Badal)  ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਸਮਾਜ ਦੇ ਹਰ ਵਰਗ ਨਾਲ ਧੋਖਾ ਕਰ ਰਹੀ ਹੈ। ਕਿਸਾਨਾਂ ਨੂੰ ਵਾਰ ਵਾਰ ਹੋ ਰਹੇ ਫਸਲੀ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਬਾਹਰਲੇ ਲੋਕਾਂ ਨੂੰ ਪੰਜਾਬੀ ਨੌਜਵਾਨਾਂ ਦੀ ਥਾਂ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਤੇ ਸਾਰੇ ਸਮਾਜ ਭਲਾਈ ਲਾਭ ਬੰਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਵਾਸਤੇ ਕੱਖ ਵੀ ਨਾ ਕਰਨ ਵਾਲੀ ਆਪ ਸਰਕਾਰ ਨੇ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਇਹ ਪੈਸਾ ਦੇਸ਼ ਵਿਚ ਵੱਖ-ਵੱਖ ਰਾਜਾਂ ਵਿਚ ਚੋਣ ਪ੍ਰਚਾਰ ਵਾਸਤੇ ਅਰਵਿੰਦ ਕੇਜਰੀਵਾਲ ਦੇ 10 ਸੀਟਾਂ ਵਾਸਤੇ ਜਹਾਜ਼ ਤੇ ਆਪ ਦੀ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤਾ ਜਾ ਰਿਹਾ ਹੈ।

ਉਹਨਾਂ ਇਹ ਵੀ ਦੱਸਿਆ ਕਿ ਪੰਜਾਬੀ ਨੌਜਵਾਨਾਂ ਨੂੰ ਕੁਝ ਵੀ ਦੇਣ ਦੀ ਥਾਂ ਉਹਨਾਂ ਨਾਲ ਲੋਕਤੰਤਰੀ ਅਧਿਕਾਰਾਂ ਦੀ ਮੰਗ ’ਤੇ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਪਾਣੀ ਦੀਆਂ ਟੈਂਕੀਆਂ ਤੇ ਬਿਜਲੀ ਟਾਵਰਾਂ ’ਤੇ ਚੜ੍ਹਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਬਾਦਲ ਨੇ ਕੇਜਰੀਵਾਲ ਦੇ ਆਮ ਆਦਮੀ ਕਲੀਨਿਕਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਅਜਿਹਾ ਹੀ ਹੋਣਾ ਸੀ ਤਾਂ ਫਿਰ ਤੁਹਾਡੇ, ਰਾਘਵ ਚੱਢਾ ਤੇ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਲਈ 15000 ਪੰਜਾਬ ਪੁਲਿਸ ਮੁਲਾਜ਼ਮ ਕਿਉਂ ਤਾਇਨਾਤ ਕੀਤੇ ਜਾ ਰਹੇ ਹਨ।

Scroll to Top