Sukhbir Singh Badal

ਸੁਖਬੀਰ ਸਿੰਘ ਬਾਦਲ ਨੇ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਧਾਲੀਵਾਲ ਖ਼ਿਲਾਫ਼ FIR ਦਰਜ ਕਰਨ ਦੀ ਕੀਤੀ ਮੰਗ

ਚੰਡੀਗੜ੍ਹ, 08 ਅਗਸਤ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦੂ ਕਟਾਰੂਚੱਕ ਤੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ ਆਪਸ ਵਿਚ ਰਲ ਕੇ ਇਕ ਦਾਗੀ ਡੀ ਡੀ ਪੀ ਓ ਨੂੰ ਏ ਡੀ ਸੀ ਪਠਾਨਕੋਟ ਦਾ ਐਡੀਸ਼ਨ ਚਾਰਜ ਦਿੱਤਾ ਜਿਸਨੇ ਸੇਵਾ ਮੁਕਤੀ ਤੋਂ ਪਹਿਲਾਂ 100 ਏਕੜ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਚੜ੍ਹਾ ਦਿੱਤੀ ਤਾਂ ਜੋ ਵਿੱਤੀ ਸਲਾਹ ਲਿਆ ਜਾ ਸਕੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੋਵੇਂ ਮੰਤਰੀ ਸਾਰਾ ਦੋਸ਼ ਸੇਵਾ ਮੁਕਤ ਹੋਏ ਅਧਿਕਾਰੀ ’ਤੇ ਪਾ ਕੇ ਆਪ ਸੁਰਖਰੂ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਕਰਨ ਦੇ ਮਾਮਲੇ ਵਿਚ ਮੰਤਰੀ ਮੁੱਖ ਸਾਜ਼ਿਸ਼ਕਾਰ ਹਨ। ਉਹਨਾਂ ਕਿਹਾ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚਕਰਵਾਈ ਜਾਵੇ ਤਾਂ ਜੋ ਪੈਸੇ ਦੀ ਹੋਈ ਵੰਡ ਦਾ ਹਿਸਾਬ ਲਿਆ ਜਾ ਸਕੇ ਤੇ ਪਤਾ ਲਾਇਆ ਜਾ ਸਕੇ ਕਿ ਇਸ ਭ੍ਰਿਸ਼ਟ ਕਾਰਵਾਈ ਵਿਚ ਕੌਣ ਕੌਣ ਸ਼ਾਮਲ ਸੀ।ਉਹਨਾਂ ਕਿਹਾ ਕਿ ਦੋਵਾਂ ਮੰਤਰੀਆਂ ਵਿਚਾਲੇ ਗੰਢਤੁੱਪ ਹੈ ਤੇ ਇਹ ਹੀ ਕਰੋੜਾਂ ਰੁਪਏ ਦੀ ਹੇਰਾਫੇਰੀ ਦਾ ਲਾਪ ਲੈਣ ਵਾਲੇ ਹਨ ਜਿਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਇਸਦੇ ਅਧਿਕਾਰੀਆਂ ਦੇ ਸੰਸਥਾਗਤ ਭ੍ਰਿਸ਼ਟਾਚਾਰ ਦੀ ਇਸ ਤੋਂ ਵੱਡੀ ਕੋਈ ਉਦਾਹਰਣ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਇਕ ਮੰਤਰੀ (ਕਟਾਰੂਚੱਕ) ਡੀ ਡੀ ਪੀ ਪੀ ਓ ਕੁਲਦੀਪ ਸਿੰਘ ਨੂੰ ਏ ਡੀ ਸੀ ਦਾ ਚਾਰਜ ਦੇਣ ਦੀ ਸਿਫਾਰਸ਼ ਕਰਦਾ ਹੈ ਜਦੋਂ ਕਿ ਦੂਜਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਉਹਨਾਂ ਕਿਹਾਕਿ ਸੱਚਾਈ ਇਹ ਹੈ ਕਿ ਪਹਿਲਾਂ 21 ਫਰਵਰੀ ਨੂੰ ਕੁਲਦੀਪ ਸਿੰਘ ਨੂੰ ਬੀ ਡੀ ਪੀ ਓ ਤੋਂ ਡੀ ਡੀ ਪੀ ਓ ਵਜੋਂ ਪ੍ਰੋਮੋਟ ਕੀਤਾ ਗਿਆ ਤੇ ਫਿਰ 4 ਦਿਨਾ ਬਾਅਦ 27 ਫਰਵਰੀ ਨੂੰ ਏ ਡੀ ਸੀ ਦਾ ਚਾਰਜ ਦਿੱਤਾ ਗਿਆ ਜਦੋਂ ਉਸਦੀ ਸੇਵਾ ਮੁਕਤੀ ਤੇ ਸਿਰਫ ਚਾਰ ਦਿਨ ਰਹਿੰਦੇ ਸਨ ਤੇ ਇਹ ਪੰਚਾਇਤੀ ਜ਼ਮੀਨ ਹਥਿਆਉਣ ਦੀ ਸੋਚੀ ਸਮਝੀ ਸਾਜ਼ਿਸ਼ ਹੈ।

ਇਸ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ’ਤੇ ਸਵਾਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਹਿਲਾਂ ਤੁਸੀਂ ਕਟਾਰੂਚੱਕ ਖਿਲਾਫ ਜਿਣਸੀ ਸੋਸ਼ਣ ਦੇ ਦੋਸ਼ ਲੱਗਣ ’ਤੇ ਉਹਨਾਂ ਦਾ ਬਚਾਅ ਕੀਤਾ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਵਿਚ ਸਬੂਤ ਸਾਹਮਣੇ ਸਨ। ਉਹਨਾਂ ਕਿਹਾ ਕਿ ਹੁਣ ਤੁਸੀਂ ਇਸ ਮਾਮਲੇ ’ਤੇ ਚੁੱਪ ਹੋ ਜੋ ਕਿ ਸਪਸ਼ਟ ਤੌਰ ’ਤੇ ਭ੍ਰਿਸ਼ਟਾਚਾਰ ਤੇ ਗੈਰ ਕਾਨੂੰਨੀ ਮਾਇਨਿੰਗ ਦਾ ਕੇਸ ਹੈ ਤੇ ਤੁਹਾਡੀ ਚੁੱਪੀ ਇਹ ਇਸ਼ਾਰਾਕਰਦੀ ਹੈ ਕਿ ਤੁਸੀਂ ਮੁਲਜ਼ਮਾਂ ਨਾਲ ਰਲੇ ਹੋਏ ਹੋ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਕਟਾਰੂਚੱਕ ਦਾ ਲਗਾਤਾਰ ਬਚਾਅ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਅਨੈਤਿਕ ਮੰਤਰੀ ਦਾ ਤੁਹਾਡੇ ’ਤੇ ਕੀ ਦਬਾਅ ਹੈ ਕਿ ਤੁਸੀਂ ਇਸਨੂੰ ਆਪਣੀ ਵਜ਼ਾਰਤ ਵਿਚੋਂ ਕੱਢਣ ਦੇ ਸਮਰਥ ਨਜ਼ਰ ਨਹੀਂ ਆ ਰਹੇ?

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਮੰਤਰੀਆਂ ਦੀ ਮਾਇਨਿੰਗ ਮਾਫੀਆ ਨਾਲ ਗੰਢਤੁੱਪ ਕਾਰਨ ਆਪ ਸਰਕਾਰ ਦੇ ਰਾਜ ਵਿਚ ਰੇਤੇ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਰੇਤ ਦੀਆਂ ਕੀਮਤਾਂ ’ਚ ਕਟੌਤੀ ਦੇ ਦਾਅਵੇ ਦੇ ਪ੍ਰਚਾਰ ਨਾਲ ਸਸਤੀ ਸ਼ੋਹਰਤ ਹਾਸਲ ਕਰਨ ਵਿਚ ਦਿਲਚਸਪੀ ਰੱਖਦੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਜਦੋਂ ਤੋਂ ਸੂਬੇ ਵਿਚ ਆਪ ਸਰਕਾਰ ਨੇ ਸੱਤਾ ਸੰਭਾਲੀ ਹੈ, ਰੇਤੇ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਇਹੀ ਹਾਲਾਤ ਨਸ਼ਿਆਂ ਦੀ ਬੁਰਾਈ ਦੇ ਮਾਮਲੇ ਦੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵਿਚ ਨਸ਼ਿਆਂ ਦਾ ਪਸਾਰ ਕਈ ਗੁਣਾ ਹੋ ਗਿਆ ਹੈ ਪਰ ਸਰਕਾਰ ਇਸ ਨਸ਼ਿਆਂ ਦੇ ਘੱਟ ਹੋਣ ਦੇ ਦਾਅਵੇ ਕਰਦੇ ਨਹੀਂ ਥੱਕਦੀ।

Scroll to Top