June 30, 2024 10:47 pm
Cotton

ਸੁਖਬੀਰ ਬਾਦਲ ਵੱਲੋਂ MSP ‘ਤੇ ਨਰਮੇ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਅਪੀਲ

ਚੰਡੀਗੜ੍ਹ, 11 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਘੱਟੋ-ਘੱਟ ਸਮਰਥਨ ਮੁੱਲ ‘ਤੇ ਨਰਮੇ (Cotton) ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਸੁਖਬੀਰ ਬਾਦਲ ਨੇ ਐਤਵਾਰ ਸ਼ਾਮ ਨੂੰ ਇੱਕ ਟਵੀਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਭਾਰਤੀ ਕਪਾਹ ਨਿਗਮ (ਸੀਸੀਆਈ) ਨੇ ਪੰਜਾਬ ਵਿੱਚ ਨਰਮਾ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਘਟਾ ਦਿੱਤਾ ਹੈ। ਜਿਸ ਕਾਰਨ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਤੋਂ ਬਹੁਤ ਘੱਟ ਖਰੀਦ ਕੀਤੀ ਜਾ ਰਹੀ ਹੈ।

ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਰਮੇ ਦੀ ਨਿਰਵਿਘਨ ਅਤੇ ਆਸਾਨੀ ਨਾਲ ਖਰੀਦ ਨੂੰ ਯਕੀਨੀ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 6920 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਨੇ ਸੀਸੀਆਈ ਨੂੰ 6770 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫਸਲ ਵੇਚੀ ਹੈ, ਉਨ੍ਹਾਂ ਦਾ ਬਕਾਇਆ ਅਦਾ ਕੀਤਾ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਨਰਮਾ (Cotton) ਚੌਲ 6920 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਹਿਸਾਬ ਨਾਲ ਖਰੀਦਿਆ ਜਾਵੇ। ਪਰ ਪੰਜਾਬ ਵਿੱਚ ਸੀ.ਸੀ.ਆਈ. ਨੇ ਕੁਆਲਿਟੀ 150 ਰੁਪਏ ਘਟਾ ਦਿੱਤੀ ਹੈ ਅਤੇ ਹੁਣ ਕਿਸਾਨਾਂ ਨੂੰ 6770 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾ ਰਿਹਾ ਹੈ। ਇਸ ‘ਤੇ ਕੇਂਦਰੀ ਦਖਲ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਅਬੋਹਰ ਪੱਟੀ ਵਿੱਚ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਸੀਸੀਆਈ ਆਪਣੀ ਮਰਜ਼ੀ ਮੁਤਾਬਕ ਖਰੀਦਦਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰੀਦ 30 ਨਵੰਬਰ ਨੂੰ ਰੋਕ ਦਿੱਤੀ ਗਈ ਸੀ ਅਤੇ 7 ਦਸੰਬਰ ਨੂੰ ਮੁੜ ਸ਼ੁਰੂ ਕੀਤੀ ਗਈ ਸੀ। 9 ਦਸੰਬਰ ਨੂੰ ਦੁਬਾਰਾ ਖਰੀਦ ਬੰਦ ਕਰ ਦਿੱਤੀ ਗਈ ਸੀ ਅਤੇ ਹੁਣ 12 ਦਸੰਬਰ ਤੋਂ ਖਰੀਦ ਸ਼ੁਰੂ ਹੋਣ ਦੀ ਉਮੀਦ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਰੀਦ ਵਾਰ-ਵਾਰ ਬੰਦ ਹੋਣ ਕਾਰਨ ਕਿਸਾਨ ਨਿੱਜੀ ਵਪਾਰੀਆਂ ਨੂੰ ਆਪਣੀ ਫਸਲ ਵੇਚਣ ਲਈ ਮਜਬੂਰ ਹਨ। ਜੋ ਕਿ 5,000 ਰੁਪਏ ਤੋਂ ਲੈ ਕੇ 5,200 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੈਦਾ ਹੋਏ 3.5 ਲੱਖ ਕੁਇੰਟਲ ਨਰਮੇ ਵਿੱਚੋਂ ਸੀਸੀਆਈ ਨੇ ਹੁਣ ਤੱਕ ਸਿਰਫ਼ ਇੱਕ ਲੱਖ ਕੁਇੰਟਲ ਦੀ ਹੀ ਖਰੀਦ ਕੀਤੀ ਹੈ।