ਚੰਡੀਗੜ੍ਹ 01 ਮਾਰਚ 2022: ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਡਰੱਗਜ਼ ਮਾਮਲੇ ਨੂੰ ਲੈ ਕੇ ਇਸ ਸਮੇਂ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਕੇਂਦਰੀ ਜੇਲ੍ਹ ਪਟਿਆਲਾ ਪਹੁੰਚੇ।ਬਿਕਰਮ ਸਿੰਘ ਮਜੀਠੀਆ ਦਾ ਅੱਜ ਜਨਮ ਦਿਨ ਹੈ। ਦੱਸ ਦੇਈਏ ਕਿ ਹਰ ਰੋਜ਼ ਵੱਡੀ ਗਿਣਤੀ ‘ਚ ਅਕਾਲੀ ਆਗੂ ਮਜੀਠੀਆ ਕੋਲ ਪਹੁੰਚ ਰਹੇ ਹਨ।
ਉੱਥੇ ਹੀ ਜੇਲ੍ਹ ਦੇ ਬਾਹਰ ਡਟੇ ਹੋਏ ਬਿਕਰਮ ਸਿੰਘ ਮਜੀਠੀਆ ਦੇ ਓ ਐਸ ਡੀ ਐਡਵੋਕੇਟ ਰਾਕੇਸ਼ ਪ੍ਰਾਸ਼ਰ ਨੇ ਕਿਹਾ ਕਿ ਕਾਂਗਰਸ ਬਦਲਾਖੋਰੀ ਦੀ ਭਾਵਨਾ ਨਾਲ ਰਾਜਨੀਤੀ ਕਰ ਰਹੀ ਹੈ ਅਤੇ ਬਹੁਤ ਜਲਦ ਕਾਂਗਰਸ ਦੁਆਰਾ ਕੀਤੇ ਗਏ ਝੂਠੇ ਪਰਚਿਆਂ ਦਾ ਹਿਸਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਲਿਆ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਅੱਜ ਕੇਂਦਰੀ ਜੇਲ੍ਹ ਦੇ ਬਿਲਕੁਲ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਵਰਕਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਹਜ਼ਾਰਾਂ ਦੀ ਗਿਣਤੀ ‘ਚ ਡਟ ਗਏ ਹਨ | ਪਰ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਕਰਕੇ ਬਿਕਰਮ ਮਜੀਠੀਆ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ ਜਾ ਰਹੀ | ਪਰ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਬਿਕਰਮ ਮਜੀਠੀਆ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਜੇਲ੍ਹ ‘ਚ ਮਿਲ ਪਹੁੰਚੇ ਨੇ ਅਤੇ ਬਹੁਤ ਜਲਦ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਉਣਗੇ |
ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਜੇਲ੍ਹ ਦੇ ਬਾਹਰ ਵੱਡੀ ਮਾਤਰਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਹਜੂਮ ਵੇਖਣ ਨੂੰ ਮਿਲਿਆ | ਜਿੱਥੇ ਇਨ੍ਹਾਂ ਵਰਕਰਾਂ ਵੱਲੋਂ ਜੇਲ੍ਹ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ | ਉੱਥੇ ਹੀ ਪਟਿਆਲਾ ਤੋਂ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਜੇਲ੍ਹ ਦੇ ਬਾਹਰ ਪਹੁੰਚੇ | ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਰਜ ਕਰਨ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤਿੰਨ ਡੀਜੀਪੀ ਤੱਕ ਬਦਲਣੇ ਪਏ | ਜਿਸ ਤੋਂ ਸਭ ਸਾਬਤ ਹੁੰਦਾ ਹੈ ਕਿ ਬਿਕਰਮ ਮਜੀਠੀਆ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ | ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਕਾਂਗਰਸ ਦੁਆਰਾ ਪਾਈ ਗਈ ਭਾਜੀ ਬਹੁਤ ਜਲਦ ਮੋੜੀ ਜਾਵੇਗੀ|