Karnail Singh Panjoli

ਸੁਖਬੀਰ ਬਾਦਲ ਆਪਣੀ ਟੀਮ ਸਮੇਤ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਣ ਅਤੇ ਗੁਰੂ ਪੰਥ ਤੋਂ ਮੁਆਫੀ ਮੰਗਣ: ਕਰਨੈਲ ਸਿੰਘ ਪੰਜੋਲੀ

ਅੰਮ੍ਰਿਤਸਰ 09 ਜੂਨ 2023: ਕੱਲ ਸੁਖਬੀਰ ਸਿੰਘ ਬਾਦਲ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕੰਮਜੋਰ ਹੋ ਗਿਆ ਹੈ। ਇਸ ਲਈ ਮੈ ਸ੍ਰੋਮਣੀ ਅਕਾਲੀ ਦਲ ਤੋਂ ਬਾਹਰ ਗਏ ਅਕਾਲੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਾਪਿਸ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣ।ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਜੇ ਮੇਰੇ ਪਾਸੋਂ ਕੋਈ ਗਲਤੀ ਹੋਈ ਹੈ ਤਾਂ ਮੈ ਮੁਆਫੀ ਮੰਗਦਾ ਹਾਂ।ਮੈਂ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦਾ ਸੁਆਗਤ ਕਰਦਾ ਹਾਂ ਚੰਗੀ ਗੱਲ ਹੈ ਕਿ ਉਸਨੂੰ ਅਹਿਸਾਸ ਹੋਇਆ ਹੈ ਕਿ ਪਾਰਟੀ ਦੀ ਅਸਲ ਸ਼ਕਤੀ ਵਰਕਰ ਹਨ ਪੈਸਾ ਨਹੀ।

ਪਹਿਲਾਂ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਸੀ ਕਿ ਪੈਸੇ ਨਾਲ ਜੋ ਮਰਜੀ ਖ੍ਰੀਦ ਲਵੋ ਪਰ ਪਿਛਲੀਆਂ ਇਲੈਕਸ਼ਨਾ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਪੈਸਾ ਤੁਹਾਡੀ ਤਕਦੀਰ ਨਹੀ ਬਦਲ ਸਕਦਾ। ਮੈਂ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਵਰਕਰਾਂ ਅਤੇ ਲੀਡਰਾ ਤੋਂ ਮੁਆਫੀ ਮੰਗਣ ਦੀ ਜਰੂਰਤ ਨਹੀ ਹੈ। ਇਹ ਤਾਂ ਪਹਿਲਾ ਹੀ ਅਕਾਲੀ ਦਲ ਦੇ ਨਾਲ ਹਨ।

ਜੇ ਤੁਸੀ ਮੁਆਫੀ ਮੰਗਣ ਦਾ ਮਨ ਬਣਾ ਹੀ ਲਿਆ ਹੈ ਤਾਂ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋ਼ ਅਸਤੀਫਾ ਦੇਵੋ ਆਪਣੀ ਟੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਾਲ ਲੈ ਕੇ ਜਾਵੋ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖੜ ਕੇ ਗੁਰੂ ਗ੍ਰੰਥ ,ਗੁਰੂ ਪੰਥ ਅਤੇ ਸੰਗਤ ਤੋ ਮੁਆਫੀ ਮੰਗੋ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸਨੇ ਸਤ੍ਹਾ ਦੇ ਨਸ਼ੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਆਪਣੀ ਚੰਡੀਗੜ੍ਹ ਵਾਲੀ ਸਰਕਾਰੀ ਰਿਹਾਇਸ਼ ਉਤੇ ਸੱਦ ਕੇ ਉਹਨਾ ਦੀ ਧੋਣ ਤੇ ਗੋਡਾ ਰੱਖ ਕੇ ਪਾਪੀ ਸੌਧੇ ਸਾਧ ਨੂੰ ਬਿਨਾ ਮੰਗਿਆ ਮੁਆਫੀ ਦਿਵਾਈ।

ਫਿਰ ਉਸ ਮੁਆਫੀ ਨੂੰ ਸਹੀ ਸਾਬਤ ਕਰਨ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 92 ਲੱਖ ਰੁਪਏ ਦੇ ਇਸ਼ਤਿਹਾਰ ਜਾਰੀ ਕਰਕੇ ਪ੍ਰਚਾਰ ਕਰਾਇਆ ਗਿਆ ਕਿ ਇਸ ਮੁਆਫੀ ਨਾਲ ਭਾਈਚਾਰਕ ਸਾਂਝ ਮਜਬੂਤ ਹੋਵੇਗੀ।ਮੈਂ ਤੇ ਸੁਖਦੇਵ ਸਿੰਘ ਭੌਰ ਨੇ ਇਸ ਦਾ ਵਿਰੋਧ ਕੀਤਾ ਤਾਂ ਸਾਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸਬ—ਕਮੇਟੀਆਂ ਤੋਂ ਬਾਹਰ ਕਰ ਦਿੱਤਾ ਗਿਆ।

ਸੰਗਤਾ ਦੇ ਗੁੱਸੇ ਅਤੇ ਰੋਹ ਕਾਰਨ ਫਿਰ ਇਹ ਹੁਕਮਨਾਮਾ ਵੀ ਵਾਪਿਸ ਲੈ ਲਿਆ ਗਿਆ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਰਸੇ ਵਾਲੇ ਪਾਪੀ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਅਤੇ ਤੁਸੀ ਉਸਦੀ ਪੁਸ਼ਤਪਨਾਹੀ ਕੀਤੀ।ਇਸ ਕਰਕੇ ਸੰਗਤਾਂ ਦਾ ਗੁੱਸਾ ਤੇ ਰੋਹ ਪ੍ਰੈਸ ਵਿੱਚ ਖੜ ਕੇ ਮੁਆਫੀ ਮੰਗਣ ਨਾਲ ਠੰਡਾ ਨਹੀ ਹੋ ਸਕਦਾ।ਸੰਗਤ ਨੂੰ ਅਹਿਸਾਸ ਹੈ ਕਿ ਬਰਗਾੜੀ, ਬਹਿਬਲ ਕਲਾਂ ਅਤੇ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਤੁਹਾਡੀ ਸਰਕਾਰ ਨੇ ਸਰਪ੍ਰਸਤੀ ਦਿੱਤੀ।

ਇਸ ਪਾਪ ਦੇ ਵਿਰੁੱਧ ਧਰਨਾ ਦੇਣ ਵਾਲੀ ਸੰਗਤ ਉਤੇ ਤੁਹਾਡੀ ਸਰਕਾਰ ਨੇ ਗੋਲੀਆਂ ਚਲਾਈਆਂ , ਬਹੁਤ ਥਾਵਾ ਤੇ ਸਿੱਖ ਬੱਚੇ ਸ਼ਹੀਦ ਕਰ ਦਿੱਤੇ ਗਏ।ਸੰਗਤਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਸੀ ਹਕੂਮਤੀ ਨਸ਼ੇ ਵਿੱਚ ਸੁਮੇਧ ਸੈਣੀ ਵਰਗੇ ਸਿੱਖਾਂ ਦੇ ਕਾਤਲਾ ਨੂੰ ਡੀ.ਜੀ.ਪੀ. ਲਗਾਇਆ, ਇਜ਼ਹਾਰ ਆਲਮ ਵਰਗੇ ਕਾਤਲਾਂ ਨੂੰ ਤੁਸੀ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣਾਇਆ। ਉਸਦੀ ਧਰਮ ਪਤਨੀ ਨੂੰ ਐਮ.ਐਲ.ਏ. ਬਣਾਇਆ,ਚਰਨਜੀਤ ਸ਼ਰਮਾ, ਉਮਰਾਨੰਗਲ ਅਤੇ ਰਣਵੀਰ ਖੱਟੜੇ ਵਰਗੇ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਉੱਚ ਅਹੁਦੇ ਦਿੱਤੇ ਅਤੇ ਊਹਨਾ ਪਾਸੋਂ ਹੀ ਆਪਣੇ ਹੀ ਵਰਕਰਾਂ ਦੀਆਂ ਪੱਗਾ ਲੁਹਾਈਆਂ।

ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੁਨਾਹ ਬਹੁਤ ਵੱਡੇ ਹਨ। ਪਰ ਜੇ ਉਹ ਮੁਆਫੀ ਮੰਗਣਾ ਚਾਹੁੰਦੇ ਹਨ ਤਾਂ ਉਸੇ ਤਰਾਂ ਮੰਗਣ ਜਿਵੇ ਸ੍ਰ. ਬੂਟਾ ਸਿੰਘ ਨੇ ਮੰਗੀ ਸੀ। ਜਿਸ ਤਰਾਂ ਸ੍ਰ. ਸੁਰਜੀਤ ਸਿੰਘ ਬਰਨਾਲਾ ਨੇ ਮੰਗੀ ਸੀ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਤਹਾਨੂੰ ਕਿਸੇ ਨੇ ਨਹੀ ਸੀ ਛੱਡਿਆ ਸਾਰਾ ਅਕਾਲੀ ਦਲ ਤੁਹਾਡੇ ਨਾਲ ਸੀ ਫਿਰ ਵੀ ਤਹਾਨੂੰ 15 ਸੀਟਾ ਮਿਲੀਆਂ ਸਨ,2022 ਵਿੱਚ ਵਿਧਾਨ ਸਭਾ ਚੋਣਾ ਲਈ ਟਿਕਟਾਂ ਤੁਸੀ ਆਪ ਵੰਡੀਆਂ,ਸਾਰਾ ਅਕਾਲੀ ਦਲ ਤੁਹਾਡੇ ਨਾਲ ਸੀ ਫਿਰ ਵੀ ਤਹਾਨੂੰ 3 ਸੀਟਾ ਮਿਲੀਆਂ।

2022 ਦੀ ਸੰਗਰੂਰ ਜਿਮਨੀ ਲੋਕ ਸਭਾ ਲਈ ਤੁਸੀ ਇਕ ਕੁਰਬਾਨੀ ਵਾਲੇ ਭਰਾਂ ਦੀ ਭੈਣ ਨੂੰ ਟਿਕਟ ਦਿੱਤੀ ਸਾਰਾ ਅਕਾਲੀ ਦਲ ਤੁਹਾਡੇ ਨਾਲ ਸੀ ਤੁਸੀ ਫਿਰ ਵੀ ਪੰਜਵੇ ਨੰਬਰ ਤੇ ਆਏ।ਜਲੰਧਰ ਜਿਮਨੀ ਚੋਣ ਸਮੇਂ ਤੁਹਾਡਾ ਸਮਝੋਤਾ ਬੀ.ਐਸ.ਪੀ. ਨਾਲ ਸੀ ਇਸ ਦੇ ਬਾਵਜੂਦ ਵੀ ਤਹਾਨੂੰ 165000 ਵੋਟ ਹੀ ਪਈਆਂ ਜਦ ਕਿ ਪਿਛਲੀ ਵਾਰ ਬੀ.ਐਸ.ਪੀ. ਨੂੰ ਇਥੋ 225000 ਵੋਟ ਪਈ ਸੀ।ਇਸ ਕਰਕੇ ਕਾਰਨ ਬਹੁਤ ਸਪਸ਼ਟ ਹੈ ਕਿ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਤੁਹਾਡੇ ਉਤੇ ਤੁਹਾਡੀਆਂ ਗਲਤੀਆਂ ਕਰਕੇ ਕਰੋਪੀ ਹੈ।ਜਿਸ ਕਰਕੇ ਸੰਗਤ ਤੁਹਾਡੇ ਕੋਲੋ ਦੂਰ ਹੈ।ਇਸ ਦਾ ਹੱਲ ਰੁਸੇ ਅਕਾਲੀਆਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਨਹੀ ਹੋ ਸਕਦਾ। ਸੋ ਤੁਸੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਅਸਤੀਫੇ ਸੌਂਪੋ, ਗੁਰੂ ਗ੍ਰੰਥ, ਗੁਰੂ ਪੰਥ ਤੋ ਮੁਆਫੀ ਮੰਗੋ ਤਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ , ਕੌਮ ਨੂੰ ਕੋਈ ਨਵੀਂ ਲੀਡਰਸਿ਼ਪ ਦੇ ਸਕੇ।

 

Scroll to Top