ਮਾਪੇ-ਅਧਿਆਪਕ ਮਿਲਣੀ

ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ: 17 ਦਸੰਬਰ ਤੱਕ ਸੂਫ਼ੀ ਰੰਗ ‘ਚ ਰੰਗਿਆ ਰਹੇਗਾ ਮਾਲੇਰਕੋਟਲਾ

ਚੰਡੀਗੜ੍ਹ/ਮਾਲੇਰਕੋਟਲਾ, 14 ਦਸੰਬਰ 2023: ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਮੀਰ ਵਿਰਾਸਤ ਸੂਫ਼ੀ ਗਾਇਕੀ ਨੂੰ ਮੁੜ ਸੁਰਜੀਤ ਕਰਨ ਲਈ ਆਰੰਭੇ ਗਏ ਉਪਰਾਲਿਆਂ ਦੀ ਕੜੀ ਵਜੋਂ “ਸੂਫ਼ੀ ਫ਼ੈਸਟੀਵਲ” (Sufi Festival) ਦਾ ਆਗਾਜ਼ ਬੀਤੇ ਦਿਨ ਸਥਾਨਕ ਸਰਕਾਰੀ ਕਾਲਜ ਵਿਖੇ ਹੋਇਆ। ਚਾਰ ਦਿਨ ਚੱਲਣ ਵਾਲੇ ਇਸ ਫੈਸਟੀਵਲ ਦਾ ਉਦਘਾਟਨ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਗੁਰਲਵਲੀਨ ਸਿੰਘ ਸਿੱਧੂ ਸਾਬਕਾ ਆਈ ਏ ਐਸ, ਐੱਸ ਡੀ ਐੱਮ ਅਹਿਮਦਗੜ੍ਹ ਹਰਬੰਸ ਸਿੰਘ, ਐੱਸ ਡੀ ਐੱਮ ਅਮਰਗੜ੍ਹ ਸ਼੍ਰੀਮਤੀ ਸੁਰਿੰਦਰ ਕੌਰ, ਸਾਕਿਬ ਅਲੀ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਫਰੀਆਲ ਉਰ ਰਹਿਮਾਨ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

ਇਸ ਮੌਕੇ ਇਕੱਤਰ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਮੀਲ ਓਰ ਰਹਿਮਾਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਅਸਲੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ। ਇਸ ਰੰਗਲੇ ਪੰਜਾਬ ਵਿੱਚ ਜਿੱਥੇ ਰਿਵਾਇਤੀ ਪੰਜਾਬ ਦੇ ਹਰੇਕ ਰੰਗ ਦੇ ਦਰਸ਼ਨ ਹੋਣਗੇ ਉਥੇ ਹੀ ਸੂਫ਼ੀ ਗਾਇਕੀ ਅਤੇ ਕਲਾ ਨੂੰ ਵੀ ਮੁੜ ਸੁਰਜੀਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਨਮੁੱਖ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਇਸ ਫੈਸਟੀਵਲ ਦੀ ਮੇਜ਼ਬਾਨੀ ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜੋ ਕਿ ਜ਼ਿਲ੍ਹਾ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਮੀਲ ਉਰ ਰਹਿਮਾਨ ਨੇ ਦੱਸਿਆ ਕਿ 17 ਦਸੰਬਰ ਨੂੰ ਫ਼ੈਸਟੀਵਲ ਦੇ ਅੰਤਿਮ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਵਿਭਾਗ ਦੇ ਕੈਬਨਿਟ ਮੰਤਰੀ ਪੰਜਾਬ ਮੋਹਤਰਮਾ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।

ਉਨ੍ਹਾਂ ਕਿਹਾ ਕਿ ਇਹ ਸੂਫ਼ੀ ਫ਼ੈਸਟੀਵਲ (Sufi Festival) ” ਹਾਅ ਦਾ ਨਾਅਰਾ ” ਮਾਰਨ ਵਾਲੇ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਜਾਣਨ ਲਈ ਸਹਾਈ ਸਿੱਧ ਹੋਵੇਗਾ । ਲੋਕਲ ਘਰਾਣੇ ਦੀਆਂ ਗਾਇਨ ਸ਼ੈਲੀਆਂ, ਕੱਵਾਲੀਆਂ, ਸੂਫੀਆਨਾ ਕਲਾਮ, ਮੁਸ਼ਾਇਰੇ, ਜਸ਼ਨ ਸੂਫੀਆਨਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। ਇਸ ਮੌਕੇ ਮਾਲੇਰਕੋਟਲਾ ਦੇ ਲੋਕਲ ਖਾਣ ਪੀਣ ਦਾ ਜ਼ਾਇਕਾ, ਸੂਫ਼ੀ ਲਿਟਰੇਚਰ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ, ਫੁੱਲ ਬੂਟਿਆਂ ਦੀਆਂ ਸਟਾਲਾਂ, ਚੂੜੀਆਂ ਦੀ ਦੁਕਾਨ, ਮਿੱਟੀ ਅਤੇ ਪਿੱਤਲ ਦੇ ਭਾਂਡੇ, ਲੋਹੇ ਦਾ ਸਮਾਨ (ਤਵੇ,ਕੜਾਹੀ, ਤਸਲੇ ਆਦਿ) ਪੰਜਾਬੀ ਜੁੱਤੀ, ਕਢਾਈ ਬੁਣਾਈ ਨਾਲ ਤਿਆਰ ਵਸਤਾਂ ਦੇ ਸਟਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ। ਇਸ ਮੌਕੇ ਰਵਿੰਦਰ ਰਵੀ ਦੀ ਮਾਲੇਰਕੋਟਲਾ ਨਾਲ ਸਬੰਧਤ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ ।

ਸਮੂਹ ਨਿਵਾਸੀਆਂ, ਕਲਾ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਸੂਫ਼ੀ ਫ਼ੈਸਟੀਵਲ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਆਯੋਜਿਤ ਹੋਣ ਵਾਲੇ ਸਮਾਗਮਾਂ ਦੀ ਕੋਈ ਟਿਕਟ ਨਹੀਂ ਹੈ। ਇਹ ਸਮਾਗਮ ਰੋਜ਼ਾਨਾ ਸ਼ਾਮ 05.00 ਵਜੇ ਤੋਂ ਕਰਵਾਏ ਜਾਣਗੇ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਦੇ ਬੈਠਣ ਦਾ ਅਲੱਗ ਪ੍ਰਬੰਧ ਵੀ ਕੀਤਾ ਗਿਆ ਹੈ ।

“ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ” (Sufi Festival) ਦੀ ਮਜਲਿਸ ਦੀ ਤਫ਼ਸੀਲ ਸਾਂਝੀ ਕਰਦਿਆ ਉਹਨਾਂ ਕਿਹਾ ਕਿ ਸੂਫ਼ੀ ਗਾਇਕੀ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹੈ । ਇਸ ਸੂਫ਼ੀ ਫ਼ੈਸਟੀਵਲ ਵਿੱਚ ਦੇਸ਼, ਦੁਨੀਆ ਭਰ ਦੇ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਸਥਾਨਕ ਕਲਾਕਾਰ ਵੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ।

ਦੱਸਣਯੋਗ ਹੈ ਕਿ ਪਹਿਲੇ ਦਿਨ “ਸ਼ਾਮ-ਏ-ਕੱਵਾਲੀ” ਦੌਰਾਨ ਸੁਲਤਾਨਾ ਨੂਰਾ ਆਪਣੇ ਫ਼ਨ ਦਾ ਪ੍ਰਦਰਸ਼ਨ ਕਰਨਗੇ ਅਤੇ ਸਥਾਨਕ ਕਲਾਕਾਰ ਕਮਲ ਖ਼ਾਨ ਅਤੇ ਵਕੀਲ ਖ਼ਾਨ ਆਪਦੀ ਪੇਸ਼ਕਾਰੀ ਪੇਸ਼ ਕਰਨਗੇ । ਮਿਤੀ 15 ਦਸੰਬਰ ਦਿਨ ਸ਼ੁੱਕਰਵਾਰ ਨੂੰ ” ਏਕ ਸ਼ਾਮ,ਸੂਫ਼ੀਆਨਾ ਕਲਾਮ ” ਤਹਿਤ ਕੰਵਰ ਗਰੇਵਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ।ਉਨ੍ਹਾਂ ਤੋਂ ਇਲਾਵਾ ਸਰਦਾਰ ਅਲੀ ਖ਼ਾਨ, ਨਜ਼ੀਰ, ਆਰਿਫ਼ ਮਤੌਈ ਅਤੇ ਅਖ਼ਤਰ ਅਲੀ ਲੋਕਾਂ ਨਾਲ ਰੁ- ਬ-ਰੁ ਹੋਣਗੇ ।

ਉਨ੍ਹਾਂ ਇਸ ਸੂਫ਼ੀ ਫ਼ੈਸਟੀਵਲ ਦੀ ਮਜਲਿਸ ਬਾਰੇ ਇਤਲਾਹ ਸਾਂਝੀ ਕਰਦਿਆ ਹੋਰ ਦੱਸਿਆ ਕਿ ਮਿਤੀ 16 ਦਸੰਬਰ ਦਿਨ ਸ਼ਨੀਵਾਰ ਨੂੰ ” ਸੂਫ਼ੀਆਨਾ ਮੁਸ਼ਾਇਰਾ ” ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸੂਫੀਇਜਮ ਬਾਰੇ ਡਾ.ਮੁਹੰਮਦ ਇਕਬਾਲ ਅਤੇ ਡਾ ਮੁਹੰਮਦ ਜਮੀਲ ਖੋਜ ਪੱਤਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਡਾ.ਰੁਬੀਨਾ ਸ਼ਬਨਮ ਅਤੇ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫਤਖਾਰ ਸ਼ੇਖ਼,ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ,ਅਜਮਲ ਖ਼ਾਨ ਸ਼ੇਰਵਾਨੀ,ਰਮਜ਼ਾਨ ਸਯਦ ,ਅਨਵਰ ਆਜ਼ਰ,ਸਾਜਿਦ ਇਸਹਾਕ,ਸ਼ਾਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕਰਨਗੇ ।

ਇਨ੍ਹਾਂ ਤੋਂ ਇਲਾਵਾ ਵਨੀਤ ਖ਼ਾਨ ਅਤੇ ਸਲਾਮਤ ਅਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ । ਸਮਾਗਮ ਦੀ ਸਮਾਪਤੀ ਮਿਤੀ 17 ਦਸੰਬਰ ਦਿਨ ਐਤਵਾਰ ਨੂੰ ” ਜਸ਼ਨ –ਏ-ਸੂਫੀਆਨਾ ਕਲਾਮ “ਨਾਲ ਹੋਵੇਗੀ ਜਿਸ ਵਿੱਚ ਮਾਸਟਰ ਸਲੀਮ ਅਤੇ ਸਰਦਾਰ ਅਲੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ਅਤੇ ਪਰਵੇਜ਼ ਝਿੰਜਰ,ਆਬਿਦ ਅਲੀ,ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਵੀ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ।

Scroll to Top