ਚੰਡੀਗੜ੍ਹ, 8 ਦਸੰਬਰ 2023: ਕੈਨੇਡਾ (Canada) ਸਰਕਾਰ ਨੇ 1 ਜਨਵਰੀ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਫੰਡ ਨੂੰ $10,000 ਤੋਂ ਵਧਾ ਕੇ $20,635 ਕਰਨ ਜਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ‘ਚ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲੋੜੀਂਦੀ ਫੰਡਿੰਗ ਦੁੱਗਣੀ ਕਰਨ ਦਾ ਐਲਾਨ ਕੀਤਾ ਹੈ | ਇਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਇੱਕ ਹੋਰ ਬੋਝ ਪਵੇਗਾ |
ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ ਦੇ ਮੁੱਦਿਆਂ ਨਾਲ ਨਜਿੱਠਣ ਲਈ ਇਹ ਕਦਮ ਚੁੱਕ ਰਹੀ ਹੈ। ਜਿਸ ਤੋਂ ਬਾਅਦ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ‘ਚ ਰੋਸ ਹੈ।
ਕੈਨੇਡਾ (Canada) ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਫੰਡਿੰਗ ਨੂੰ ਦੁੱਗਣਾ ਕਰਨ ਨਾਲ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਇਸ ਦੇ ਉਲਟ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਸਾਰਾ ਬੋਝ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਪਾ ਰਹੀ ਹੈ।
ਰਿਪੋਰਟ ਮੁਤਾਬਕ ‘ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ’ (IRCC) ਨੇ 2022 ‘ਚ 2,26,450 ਵੀਜ਼ੇ ਮਨਜ਼ੂਰ ਕੀਤੇ ਸਨ। ਇਨ੍ਹਾਂ ਵਿੱਚੋਂ ਪੰਜਾਬੀ ਵਿਦਿਆਰਥੀਆਂ ਲਈ ਕਰੀਬ 1 ਲੱਖ 36 ਹਜ਼ਾਰ ਵੀਜ਼ੇ ਮਨਜ਼ੂਰ ਕੀਤੇ ਗਏ ਸਨ। ਇਹ ਵਿਦਿਆਰਥੀ 2 ਤੋਂ 3 ਸਾਲ ਤੱਕ ਉੱਥੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਂਦੇ ਹਨ। ਕੈਨੇਡਾ ਦੇ ਇਸ ਫੈਸਲੇ ਤੋਂ ਬਾਅਦ ਹਰ ਸਾਲ ਵਿਦੇਸ਼ ਜਾਣ ਵਾਲੇ ਕਰੀਬ 1.50 ਲੱਖ ਪੰਜਾਬੀ ਨੌਜਵਾਨਾਂ ‘ਤੇ 6.20 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ।
ਵਿਦਿਆਰਥੀ ਪਹਿਲਾਂ ਹੀ ਆਈਲੈਟਸ, ਏਜੰਟਾਂ ਦੀਆਂ ਫੀਸਾਂ, ਵਿੱਦਿਅਕ ਕੋਰਸਾਂ ਦੀਆਂ ਮਹਿੰਗੀਆਂ ਫੀਸਾਂ, ਗ੍ਰੰਟਿਡ ਇਨਵੈਸਟਮੈਂਟ ਸਰਟੀਫਿਕੇਟ (GIC), ਹਵਾਈ ਟਿਕਟਾਂ ਆਦਿ ‘ਤੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਪੜ੍ਹਨ ਲਈ ਆਉਂਦੇ ਹਨ। ਜ਼ਿਆਦਾਤਰ ਵਿਦਿਆਰਥੀ ਵਿਦਿਅਕ ਕਰਜ਼ਿਆਂ ਅਤੇ ਹੋਰ ਕਰਜ਼ਿਆਂ ਨਾਲ ਪੜ੍ਹਾਈ ਅਤੇ ਖੋਜ ਕਰਨ ਲਈ ਵਿਦੇਸ਼ ਆਉਂਦੇ ਹਨ। ਹੁਣ ਨਵੇਂ ਨਿਯਮਾਂ ਤਹਿਤ ਕਰਜ਼ੇ ਦਾ ਇਹ ਬੋਝ ਹੋਰ ਵਧੇਗਾ। ਜਿਸ ਕਾਰਨ ਵਿਦਿਆਰਥੀਆਂ ਨੂੰ ਕਈ ਮਾਨਸਿਕ ਅਤੇ ਆਰਥਿਕ ਪਰੇਸ਼ਾਨੀਆਂ ਵਿੱਚੋਂ ਲੰਘਣਾ ਪਵੇਗਾ ।