ਛੁੱਟੀਆਂ

ਛੁੱਟੀਆਂ ਬਾਅਦ ਸਕੂਲ ਪਹੁੰਚੇ ਵਿਦਿਆਰਥੀਆਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ

ਫਾਜ਼ਿਲਕਾ 01 ਜੁਲਾਈ 2025: ਪੰਜਾਬ ਭਰ ‘ਚ ਅੱਜ ਗਰਮੀ ਦੀਆਂ ਛੁੱਟੀਆਂ (Holidays)  ਖ਼ਤਮ ਹੋਣ ‘ਤੇ ਪਹਿਲੇ ਦਿਨ ਸਕੂਲ ਖੁੱਲਣ ‘ਤੇ ਸਾਰੇ ਸਕੂਲੀ ਵਿਦਿਆਰਥੀਆਂ ਦਾ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਸਵਾਗਤ ਕੀਤਾ ਗਿਆ | ਜ਼ਿਲ੍ਹੇ ਦੇ ਲਗਭਗ ਸਾਰੇ ਹੀ ਸਕੂਲਾਂ ਅੰਦਰ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆ ਦੇ ਪ੍ਰਿੰਸੀਪਲ ਹੰਸ ਰਾਜ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਕੂਲ ਆਉਂਦਿਆਂ ਹੀ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਤਿਲਕ ਲਗਾ ਕੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਗਿਆ। ਸਕੂਲ ਦੀ ਸਵੇਰ ਦੀ ਸਭਾ ‘ਚ ਪ੍ਰਿੰਸੀਪਲ ਹੰਸ ਰਾਜ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆ ਆਖਿਆ ਅਤੇ ਤਣਾਅ ਮੁਕਤ ਹੋ ਕੇ ਪੜ੍ਹਨ ਪੜ੍ਹਾਉਣ ਦੀ ਅਪੀਲ ਕੀਤੀ।

ਇਸਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਕਾ ਦੇ ਪ੍ਰਿੰਸੀਪਲ ਜਾਂਗੜ, ਸੁਭਾਸ਼ ਸਿੰਘ ਅਤੇ ਨਰਿੰਦਰ ਪਾਲ ਦੀ ਅਗਵਾਈ ‘ਚ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।

ਕਈਂ ਸਕੂਲਾਂ ‘ਚ ਰੰਗੋਲੀ ਸਜ਼ ਰਹੀ ਸੀ, ਗਿੱਧਾ ਭੰਗੜਾ, ਕਵਿਜ, ਪੇਟਿੰਗ ਅਤੇ ਖੇਡ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਪਹਿਲਕਦਮੀ ਨਾਲ ਵਿਦਿਆਰਥੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਸਨ ਅਤੇ ਮਾਣ ਕਰ ਰਹੇ ਸਨ ਕਿ ਸਾਡੇ ਅਧਿਆਪਕ ਨੂੰ ਸਾਡੀ ਕਿੰਨੀ ਫਿਕਰ ਹੈ। ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਮਾਪਿਆਂ ਨੇ ਵੀ ਇਸ ਫੈਸਲੇ ‘ਤੇ ਖੁਸ਼ੀ ਪ੍ਰਗਟ ਕੀਤੀ ਹੈ |

Read More: ਛੁੱਟੀਆਂ ਖ਼ਤਮ ਹੋਣ ‘ਤੇ ਸਰਕਾਰੀ ਸਕੂਲਾਂ ‘ਚ ਹੋਣਗੇ ਵਿਸ਼ੇਸ਼ ਪ੍ਰੋਗਰਾਮ ‘ਆਓ ਸਕੂਲ ਚੱਲੀਏ’

Scroll to Top