Schools of Eminence

ਸੂਬੇ ਦੇ 94 ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੇ ਕੀਤਾ ਰਾਜ ਦੀਆਂ ਨਾਮੀ ਸਿੱਖਿਆ ਸੰਸਥਾਵਾਂ ਦਾ ਇਕ ਰੋਜ਼ਾ ਦੌਰਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 19 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੱਚਿਆਂ ਨੂੰ ਸਹੀ ਮਾਇਨਿਆਂ ਵਿਚ ਸਮੇਂ ਦੇ ਹਾਣ ਦੀ ਸਿੱਖਿਆ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਸਕੂਲ ਆਫ਼ ਐਮੀਨੈਸ (Schools of Eminence) ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੱਜ ਸੂਬੇ ਦੀਆਂ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਤੋਂ ਜਾਣੂ ਕਰਵਾਉਣ ਲਈ ਇਕ ਰੋਜ਼ਾ ਟੂਰ ਪ੍ਰੋਗਰਾਮ ਰੱਖਿਆ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਐਕਸਕੁਰੇਸ਼ਨ/ਸਟੱਡੀ ਟੂਰ ਪ੍ਰੋਗਰਾਮ ਅਧੀਨ ਅੱਜ ਰਾਜ ਦੇ 94 ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੂੰ ਨਾਮੀ ਸਿੱਖਿਆ ਸੰਸਥਾਵਾਂ ਦਾ ਇਕ ਰੋਜ਼ਾ ਦੌਰਾ ਕਰਵਾਇਆ ਗਿਆ ਹੈ।

ਵਿਦਿਆਰਥੀਆਂ ਨੂੰ ਜਿੰਨ੍ਹਾਂ ਸਿੱਖਿਆ ਸੰਸਥਾਵਾਂ ਦਾ ਅੱਜ ਦੌਰਾ ਕਰਵਾਇਆ ਗਿਆ ਉਨ੍ਹਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਆਈ.ਆਈ.ਟੀ ਰੂਪਨਗਰ, ਐਨ.ਆਈ.ਟੀ.ਜਲੰਧਰ, ਪੰਜਾਬ ਟੈਕਨੀਕਲ ਯੂਨੀਵਰਸਿਟੀ,ਐਨ.ਆਈ.ਐਸ., ਨਾਈਪਰ ਅਤੇ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

ਸ.ਬੈਂਸ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ 26 ਮਈ 2023 ਨੂੰ ਮੁੜ ਇਕ ਦਿਨਾਂ ਦੌਰੇ ਉਤੇ ਨਾਮੀ ਉਦਯੋਗਿਕ ਇਕਾਈਆਂ ਵਿੱਚ ਭੇਜਿਆ ਜਾਵੇਗਾ।ਉਨ੍ਹਾਂ ਦੱਸਿਆ ਇਸ ਦਿਨ ਵੇਰਕਾ ਮਿਲਕ ਪਲਾਂਟ,ਟਰਾਈਡੈਂਟ, ਹੀਰੋ ਸਾਈਕਲ,ਵੀਆਟੋਨ ਐਨਰਜੀ ਪ੍ਰਾਈਵੇਟ ਲਿਮਟਿਡ, ਪੈਪਸੀ ਪਲਾਂਟ,ਸਵਰਾਜ ਮਾਜ਼ਦਾ, ਮੇਲ ਗੋਇੰਦਵਾਲ ਸਾਹਿਬ ਵਰਗੀਆਂ ਉਦਯੋਗ ਇਕਾਈਆਂ ਦਾ ਦੌਰਾ ਕਰਵਾਇਆ ਜਾਵੇਗਾ।

ਸ.ਬੈਂਸ ਨੇ ਦੱਸਿਆ ਕਿ ਇਨ੍ਹਾਂ ਦੌਰਿਆਂ ਦਾ ਮਕਸਦ ਸੈਸ਼ਨ ਦੇ ਸ਼ੁਰੂਆਤ ਵਿਚ ਹੀ ਵਿਦਿਆਰਥੀਆਂ ਦੇ ਮਨਾਂ ਵਿਚ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਦੀ ਚੇਟਕ ਲਗਾਉਣ ਹੈ ਅਤੇ ਉਦਯੋਗਿਕ ਇਕਾਈਆਂ ਦੀ ਫੇਰੀ ਰਾਹੀਂ ਉਦਯੋਗਪਤੀ ਬਨਣ ਜਾ ਕੁਝ ਨਵਾਂ ਕਰਨ ਦੇ ਵਿਚਾਰ ਨਾਲ ਇਨ੍ਹਾਂ ਨੂੰ ਰੂਬਰੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਲਗਾਤਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ।

Scroll to Top