ਚੰਡੀਗੜ੍ਹ, 17 ਦਸੰਬਰ 2024: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮੋਹਾਲੀ, ਜਲੰਧਰ ਅਤੇ ਬਠਿੰਡਾ ਦੇ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲਾਂ ‘ਚ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ (PACE) ਤਹਿਤ ਰੈਜ਼ੀਡੈਂਸ਼ੀਅਲ ਵਿੰਟਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ |
ਇਹ ਕੈਂਪ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ‘ਤੇ ਕੇਂਦ੍ਰਿਤ ਹੈ, ਜੋ IIT-JEE ਅਤੇ NEET ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨਾ ਚਾਹੁੰਦੇ ਹਨ। ਸਕੂਲਜ਼ ਆਫ਼ ਐਮੀਨੈਂਸ (SOE) ਦੇ ਕੁੱਲ 1200 ਵਿਦਿਆਰਥੀਆਂ ਨੂੰ ਇਹਨਾਂ ਪੇਸ਼ੇਵਰ ਮੁਕਾਬਲੇ ਦੀਆਂ ਪ੍ਰੀਖਿਆਵਾਂ ‘ਚ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾਉਣ ਲਈ ਕੋਚਿੰਗ ਅਤੇ ਸਹਾਇਤਾ ਪ੍ਰਦਾਨ ਕਰਕੇ ਇਹਨਾਂ ਕੈਂਪਾਂ ਰਾਹੀਂ ਤਿਆਰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਮਹੀਨਾ ਭਰ ਚੱਲਣ ਵਾਲਾ ਸਰਦ ਰੁੱਤ ਕੈਂਪ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ (ਆਰ.ਐੱਸ.ਐੱਮ.ਐੱਸ.) ਮੋਹਾਲੀ, ਜਲੰਧਰ ਅਤੇ ਬਠਿੰਡਾ ਵਿਖੇ ਲਗਾਤਾਰ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਂਪ ਦੀ ਗੁਣਵੱਤਾ, ਭਰੋਸੇਯੋਗਤਾ ਅਤੇ ਭਾਈਚਾਰੇ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਦੇ ਨਾਮਵਰ ਸਕੂਲਾਂ ਦੀਆਂ ਸਕੂਲ ਪ੍ਰਬੰਧਨ ਕਮੇਟੀ (ਐਸ.ਐਮ.ਸੀ.) ਦੇ ਮੈਂਬਰਾਂ ਅਤੇ ਮਾਪਿਆਂ ਨੂੰ ਕੈਂਪ ਦੀਆਂ ਸਹੂਲਤਾਂ ਅਤੇ ਸੰਚਾਲਨ ਦਾ ਨਿਰੀਖਣ ਕਰਨ ਲਈ ਸੱਦਾ ਦਿੱਤਾ ਸੀ। ਇਸ ਕੈਂਪ ਦਾ ਨਿਰੀਖਣ ਕਰਨ ਲਈ ਪਰਮਜੀਤ ਸਿੰਘ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਬਲਵਿੰਦਰ ਕੌਰ, ਸਹਾਇਕ ਡਾਇਰੈਕਟਰ ਐਸ.ਓ.ਈ ਨੇ ਦੌਰਾ ਕੀਤਾ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ।
ਡਾ: ਗਿੰਨੀ ਦੁੱਗਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਆਰ.ਐਸ.ਐਮ.ਐਸ. ਸਕੂਲ ਦੀ ਪ੍ਰਿੰਸੀਪਲ ਰੀਟਾ ਸ਼ਰਮਾ ਨੇ ਮਾਪਿਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨੂੰ ਸਕੂਲ ਦਾ ਦੌਰਾ ਕਰਵਾਇਆ ਅਤੇ ਵਿਚਾਰ-ਵਟਾਂਦਰਾ ਕੀਤਾ। ਇਸ ਪ੍ਰਕਿਰਿਆ ਦੀਆਂ ਤਿੰਨ ਮੁੱਖ ਗਤੀਵਿਧੀਆਂ ‘ਚ ਕਲਾਸਰੂਮ ਨਿਰੀਖਣ, ਸਕੂਲ ਦਾ ਦੌਰਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਐਸ.ਐਮ.ਸੀ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ ਅਤੇ ਅਧਿਆਪਕਾਂ ਦੇ ਨਾਲ-ਨਾਲ ਬਹੁਤ ਸਾਰੇ ਮੈਂਬਰਾਂ ਨੇ ਇਸ ਮਹੱਤਵਪੂਰਨ ਦਿਨ ‘ਤੇ ਕੈਂਪ ਨੂੰ ਸਫਲ ਬਣਾਉਣ ਲਈ ਵੱਖ-ਵੱਖ ਤਰੀਕਿਆਂ ਨਾਲ ਯੋਗਦਾਨ ਪਾਇਆ।
ਸਕੂਲ ਦੇ ਦੌਰੇ ਦੌਰਾਨ ਐੱਸ.ਐੱਮ.ਸੀ. ਮੈਂਬਰਾਂ ਨੇ ਰਸੋਈ ਖੇਤਰ ਦੀ ਸਫਾਈ ਅਤੇ ਵਿਵਸਥਾ, ਹੋਸਟਲ ਦੀ ਸਥਿਤੀ ਅਤੇ ਸੁਰੱਖਿਆ ਪ੍ਰੋਟੋਕੋਲ ਸਮੇਤ ਵੱਖ-ਵੱਖ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਵਾਰਡਨਾਂ ਤੋਂ ਵਿਦਿਆਰਥੀਆਂ ਦੇ ਰੋਜ਼ਾਨਾ ਦੇ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਹੋਸਟਲ ਦੀ ਸਫਾਈ ਅਤੇ ਰੱਖ-ਰਖਾਅ ਦਾ ਜਾਇਜ਼ਾ ਵੀ ਲਿਆ। ਮਾਪਿਆਂ ਨੇ ਡਿਊਟੀ ‘ਤੇ ਡਾਕਟਰੀ ਟੀਮ ਨਾਲ ਗੱਲਬਾਤ ਕਰਨ ਲਈ ਮੈਡੀਕਲ ਰੂਮ ਦਾ ਦੌਰਾ ਵੀ ਕੀਤਾ।
ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਾਮਵਰ ਅਦਾਰਿਆਂ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹੈ।
Read More: Badshah News: ਗੁਰੂਗ੍ਰਾਮ ‘ਚ ਪੁਲਿਸ ਨੇ ਰੈਪਰ ਬਾਦਸ਼ਾਹ ਦੀ ਵਾਲੀ ਥਾਰ ਦਾ ਕੱਟਿਆ ਚਲਾਨ