July 5, 2024 7:54 am
Ambuja Cement Factory

ਅੰਬੂਜਾ ਸੀਮਿੰਟ ਫੈਕਟਰੀ ਦੇ ਬੇਲਗਾਮ ਹੋਏ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੀਆਂ ਸਖ਼ਤ ਹਦਾਇਤਾਂ

ਰੂਪਨਗਰ, 11 ਫਰਵਰੀ 2023: ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅੰਬੂਜਾ ਸੀਮਿੰਟ ਫੈਕਟਰੀ (Ambuja Cement Factory) ਦੇ ਬੇਲਗਾਮ ਹੋਏ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਹਦਾਇਤਾ ਨੂੰ 15 ਦਿਨ ਵਿੱਚ ਲਾਗੂ ਕਰਵਾ ਕੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਕੀਤੀ ਗਈ ਸਹਿਮਤੀ ਰੱਦ ਕਰ ਦਿੱਤੀ ਜਾਵੇਗੀ।

ਵਿਧਾਇਕ ਚੱਢਾ ਵੱਲੋਂ ਅੱਗੇ ਦੱਸਿਆ ਗਿਆ ਕਿ ਅੰਬੂਜਾ ਸੀਮਿੰਟ ਫੈਕਟਰੀ ਵੱਲੋਂ ਰੇਲਵੇ ਵਾਲੀ ਸਾਈਡ ਤੋਂ ਖੁੱਲ੍ਹੇ ਦੇ ਵਿੱਚ ਸੁਆਹ ਉਤਾਰੀ ਜਾ ਰਹੀ ਹੈ ਜਿਸ ਦੇ ਨਾਲ ਜਿਆਦਾ ਪ੍ਰਦੂਸ਼ਣ ਹੋ ਰਿਹਾ ਹੈ। ਇਸ ਨੂੰ ਨੱਥ ਪਾਉਣ ਲਈ ਉਸ ਥਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 15 ਦਿਨ ਦੇ ਅੰਦਰ-ਅੰਦਰ ਓ.ਸੀ.ਈ.ਐਮ.ਐਸ (ਆਨਲਾਈਨ ਕੰਟੀਨਿਯੂਏਸ ਈਮਿਸ਼ਨ ਮੋਨੀਟਰਿੰਗ ਸਿਸਟਮ) ਲਗਾਉਣ ਲਈ ਕਿਹਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਸਿਸਟਮ ਦੇ ਲੱਗਣ ਨਾਲ ਜੇਕਰ ਇੰਡਸਟਰੀ ਦਾ ਪ੍ਰਦੂਸ਼ਣ ਪੱਧਰ ਖਰਾਬ ਹੋਵੇ ਤਾਂ ਇੱਕ ਅਲਾਰਮ ਸਿਸਟਮ ਦੇ ਰਾਹੀਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਪਟਿਆਲਾ ਅਤੇ ਦਿੱਲੀ ਵਿੱਚ ਜਾ ਕੇ ਵੱਜਦਾ ਹੈ ਜਿਸ ਨਾਲ ਕਿ ਤੁਰੰਤ ਇੰਡਸਟਰੀ ਨੂੰ ਇਨ੍ਹਾਂ ਦਫਤਰਾਂ ਵੱਲੋਂ ਸਿਸਟਮ ਬੰਦ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਅਸਟੇਗ ਕਮਿਸ਼ਨ ਦੇ ਸੈਂਪਲ ਵੀ ਫੇਲ ਹੋਣ ਕਾਰਨ ਠੀਕ ਨਹੀਂ ਪਾਏ ਗਏ ਉੱਥੇ ਵੀ ਇਹ ਸਿਸਟਮ ਲਗਾਉਣ ਦੀ ਹਦਾਇਤ ਜਾਰੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੰਡਸਟਰੀ (Ambuja Cement Factory) ਵਿੱਚ ਵਿੰਡ ਬ੍ਰੇਕਿੰਗ ਵਾਲ ਅਤੇ ਐਂਟੀ ਸਮੋਗ ਗੰਨ ਡਿਵਾਇਸਾਂ ਵੀ ਲਗਾਈਆਂ ਜਾਣਗੀਆਂ ਜਿਸ ਦੇ ਨਾਲ ਕਿ ਪ੍ਰਦੂਸ਼ਣ ਨੂੰ ਕਾਬੂ ਵਿੱਚ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡਿਵਾਇਸਾਂ ਦੇ ਲੱਗਣ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ ਕਾਬੂ ਕਰਨ ਲਈ ਕਾਫ਼ੀ ਲਾਹੇਵੰਦ ਸਿੱਧ ਹੁੰਦੀਆਂ ਹਨ। ਇਸ ਦੇ ਲਈ ਵੀ 15 ਦਿਨ ਦੇ ਵਿੱਚ ਵਿੱਚ ਲਗਾ ਕੇ ਰਿਪੋਰਟ ਕਰਨ ਲਈ ਕਿਹਾ ਗਿਆ। ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਅੱਗੇ ਦੱਸਿਆ ਗਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੰਡਸਟਰੀ ਨੂੰ ਏਅਰ ਮੋਨੀਟਰਿੰਗ (ਹਵਾ ਦਾ ਪੱਧਰ) ਚੈੱਕ ਕਰਨ ਦੇ ਲਈ 2 ਏਅਰ ਮੋਨੀਟਰਿੰਗ ਸਟੇਸ਼ਨ ਲਗਾਉਣ ਦੀ ਹਦਾਇਤ ਵੀ ਜਾਰੀ ਕੀਤੀ ਗਈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਇੰਡਸਟਰੀ ਨੂੰ ਸਾਫ਼ ਸ਼ਬਦਾਂ ਵਿੱਚ ਇਹ ਲਿਖਿਆ ਗਿਆ ਕਿ 15 ਦਿਨ ਦੇ ਵਿੱਚ-ਵਿੱਚ ਇੱਕ ਰਿਪੋਰਟ ਜਮ੍ਹਾ ਕਰਵਾਈ ਜਾਵੇ ਜਿਸ ਦੇ ਵਿੱਚ ਇਹ ਸਾਰੀ ਜਾਣਕਾਰੀ ਹੋਵੇ ਕਿ ਤੁਸੀਂ ਸੀ.ਈ.ਆਰ (ਕਾਰਪੋਰੇਟ ਇਨਵਾਰਮੈਂਟਲ ਰਿਸਪੋਂਸਿਬਲਿਟੀ) ਵਾਤਾਵਰਨ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ। ਇਸ ਦੇ ਨਾਲ ਹੀ ਜਿੱਥੇ ਇੰਡਸਟਰੀ ਦੇ ਬੋਇਲਰ ਜਾ ਡਰਾਏਰ ਹਨ ਉਨ੍ਹਾਂ ਦੇ ਪੇਡੀ ਸਟਾਲ ਨੂੰ ਫਿਊਲ ਦੇ ਤੌਰ ਤੇ ਵਰਤਣ ਦੀ ਹਦਾਇਤ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਫੈਕਟਰੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਆਲੇ ਦੁਆਲੇ ਦੇ ਖੇਤਰ ਵਿਚ ਏਅਰ ਕੁਆਲਿਟੀ ਦਾ ਪੱਧਰ ਠੀਕ ਰੱਖਿਆ ਜਾਵੇ।

ਹਲਕਾ ਵਿਧਾਇਕ ਚੱਢਾ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇੰਡਸਟਰੀਆਂ ਦੇ ਪ੍ਰਦੂਸ਼ਣ ਤੋਂ ਆਮ ਜਨਤਾ ਨੂੰ ਰਾਹਤ ਦਿਵਾਉਣ ਦੇ ਲਈ ਲਗਾਤਰ ਯਤਨਸ਼ੀਲ਼ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਵਲੋਂ ਅੰਬੂਜਾ ਸੀਮਿੰਟ ਫੈਕਟਰੀ ਨੂੰ ਪ੍ਰਦੂਸ਼ਣ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਵਿੱਚ 25 ਲੱਖ ਦਾ ਜੁਰਮਾਨਾ ਕਰਵਾਇਆ ਜਾ ਚੁੱਕਿਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਨਾਲ ਜੇਕਰ ਸਾਡੇ ਹਲਕੇ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ-ਇੱਕ ਇੰਚ ਦਾ ਹਿਸਾਬ ਲਿਆ ਜਾਵੇਗਾ।