ਚੰਡੀਗੜ੍ਹ, 21 ਜੁਲਾਈ 2025: ਪੰਜਾਬ ਸਰਕਾਰ ਸੂਬੇ ਨੂੰ ਭੀਖ ਮੁਕਤ ਬਣਾਉਣ ਲਈ ਜੰਗੀ ਪੱਧਰ ‘ਤੇ ਜੀਵਨਜੋਤ ਪ੍ਰੋਜੈਕਟ 2.0 ਮੁਹਿੰਮ ਚਲਾ ਰਹੀ ਹੈ। ਇਸਦੇ ਤਹਿਤ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ਤੋਂ ਕੁੱਲ 21 ਭੀਖ ਮੰਗਦੇ ਬੱਚਿਆਂ ਨੂੰ ਬਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਦੀ ਜ਼ਿਲ੍ਹਾ ਬਾਲ ਸੁਰੱਖਿਆ ਟੀਮ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ‘ਤੇ ਵਿਸ਼ੇਸ਼ ਛਾਪੇਮਾਰੀ ਕਰਕੇ 18 ਬੱਚਿਆਂ ਨੂੰ ਬਚਾਇਆ ਗਿਆ, ਜਦੋਂ ਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ 3 ਹੋਰ ਬੱਚਿਆਂ ਨੂੰ ਬਚਾਇਆ ਗਿਆ। ਇਨ੍ਹਾਂ ਸਾਰੇ ਬੱਚਿਆਂ ਨੂੰ ਬਾਲ ਭਲਾਈ ਕਮੇਟੀਆਂ ਸਾਹਮਣੇ ਪੇਸ਼ ਕੀਤਾ ਗਿਆ ਹੈ ਅਤੇ ਇਸ ਵੇਲੇ ਉਨ੍ਹਾਂ ਨੂੰ ਬਾਲ ਘਰਾਂ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
ਇਸ ਸੰਬੰਧੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਬਤ ਹੁੰਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਕਿਸੇ ਵੀ ਵਿਅਕਤੀ ਵੱਲੋਂ ਭੀਖ ਮੰਗਣ ਲਈ ਮਜਬੂਰ ਕੀਤਾ ਗਿਆ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਬੱਚੇ ਦੇ ਮਾਤਾ-ਪਿਤਾ ਹੋਣ ਬਾਰੇ ਸ਼ੱਕ ਹੈ, ਤਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਹੇਠ ਬਾਲ ਭਲਾਈ ਕਮੇਟੀਆਂ ਵੱਲੋਂ ਡੀਐਨਏ ਟੈਸਟ ਵੀ ਕਰਵਾਇਆ ਜਾ ਸਕਦਾ ਹੈ, ਤਾਂ ਜੋ ਬੱਚਿਆਂ ਦੀ ਅਸਲ ਪਛਾਣ ਦਾ ਪਤਾ ਲਗਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਵਿਭਾਗ ਦੀ ਜ਼ਿਲ੍ਹਾ ਬਾਲ ਸੁਰੱਖਿਆ ਟੀਮ ਵੱਲੋਂ ਲੁਧਿਆਣਾ ਦੇ ਬੱਸ ਅੱਡਾ, ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ‘ਤੇ ਵਿਸ਼ੇਸ਼ ਛਾਪੇ ਮਾਰ ਕੇ 18 ਬੱਚਿਆਂ ਨੂੰ ਬਚਾਇਆ ਗਿਆ, ਜਦਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ 3 ਹੋਰ ਬੱਚੇ ਰੈਸਕਿਉ ਕੀਤੇ। ਇਨ੍ਹਾਂ ਸਾਰੇ ਬੱਚਿਆਂ ਨੂੰ ਬਾਲ ਭਲਾਈ ਕਮੇਟੀਆਂ ਪੇਸ਼ ਕਰਕੇ ਫਿਲਹਾਲ ਸੁਰੱਖਿਅਤ ਤੌਰ ‘ਤੇ ਬਾਲ ਘਰਾਂ ‘ਚ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਿੱਧਾ ਉਦੇਸ਼ ਇਹ ਹੈ ਕਿ ਹਰ ਬੱਚੇ ਨੂੰ ਸੁਰੱਖਿਅਤ ਅਤੇ ਬਿਹਤਰ ਭਵਿੱਖੀ ਜੀਵਨ ਮਿਲੇ। ‘ਜੀਵਨਜੋਤ 2.0’ ਤਹਿਤ ਵਿਭਾਗ ਦੀਆਂ ਜ਼ਿਲ੍ਹਾ ਟੀਮਾਂ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ‘ਚ ਬੱਚਿਆਂ ਵੱਲੋਂ ਭੀਖ ਮੰਗਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜੋ ਜਾਗਰੂਕਤਾ ਮੁਹਿੰਮ ਦੀ ਸਫਲਤਾ ਅਤੇ ਸੂਬਾ ਸਰਕਾਰ ਦੇ ਨੀਤੀਗਤ ਇਰਾਦਿਆਂ ਨੂੰ ਦਰਸਾਉਂਦਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬੇ ਵਿੱਚੋਂ ਬੱਚਿਆਂ ਦੇ ਭੀਖ ਮੰਗਣ ਦੀ ਭਿਆਨਕ ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ, ਸਮਾਜਿਕ ਸੁਰੱਖਿਆ ਵਿਭਾਗ ਦੀਆਂ ਜ਼ਿਲ੍ਹਾ ਭਲਾਈ ਟੀਮਾਂ ਆਪਣੇ-ਆਪਣੇ ਖੇਤਰਾਂ ‘ਚ ਅਜਿਹੀ ਚੈਕਿੰਗ ਅਤੇ ਛਾਪੇਮਾਰੀ ਜਾਰੀ ਰੱਖਣਗੀਆਂ, ਤਾਂ ਜੋ ਇੱਕ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੱਚੇ ਨੂੰ ਭੀਖ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਬੱਚਾ ਕਿਤੇ ਵੀ ਭੀਖ ਮੰਗਦਾ ਦਿਖਾਈ ਦਿੰਦਾ ਹੈ, ਤਾਂ ਤੁਰੰਤ 1098 ਚਾਈਲਡ ਹੈਲਪਲਾਈਨ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਉਸ ਬੱਚੇ ਨੂੰ ਤੁਰੰਤ ਸੁਰੱਖਿਆ, ਦੇਖਭਾਲ ਅਤੇ ਉੱਜਵਲ ਭਵਿੱਖ ਪ੍ਰਦਾਨ ਕੀਤਾ ਜਾ ਸਕੇ।
Read More: ਪੰਜਾਬ ‘ਚ ਭੀਖ ਮੰਗਣ ਵਾਲਿਆਂ ਦ ਹੋਵੇਗਾ DNA ਟੈਸਟ, ਬੱਚਿਆਂ ਦੀ ਤਸਕਰੀ ਦਾ ਖਦਸ਼ਾ