“ਹੇ ਪ੍ਰੀਤ ਜਹਾਂ ਕਿ ਰੀਤ ਸਦਾ, ਮੈਂ ਗੀਤ ਵਹਾਂ ਕੇ ਗਾਤਾ ਹੂੰ ਭਾਰਤ ਕਾ ਰਹਿਣੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ” ਸ਼ਾਇਦ ਹੀ ਕਿਸੇ ਨੇ ਇਹ ਗੀਤ ਨਾ ਸੁਣਿਆ ਹੋਵੇ। ਮਨੋਜ ਕੁਮਾਰ (Manoj Kumar) ਨੂੰ ਕੌਣ ਨਹੀਂ ਜਾਣਦਾ ਇਨ੍ਹਾਂ ਦੇਸ਼ ਭਗਤੀ ਵਾਲੀਆਂ ਫ਼ਿਲਮਾਂ ‘ਚ ਕੰਮ ਕਰਕੇ ਆਪਣਾ ਨਾਮਣਾ ਖੱਟਿਆ | ਭਾਰਤੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਨੇ 87 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਆਖ ਕਹਿ ਗਏ | ਮਨੋਜ ਕੁਮਾਰ ਨੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਆਖਰੀ ਸਾਹ ਲਏ |
ਉੱਘੇ ਅਦਾਕਾਰ ਮਨੋਜ ਕੁਮਾਰ ਨੇ ‘ਪੂਰਬ ਔਰ ਪੱਛਮ’, ‘ਰੋਟੀ, ਕਪੜਾ ਔਰ ਮਕਾਨ’ ਅਤੇ ‘ਕ੍ਰਾਂਤੀ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਅਤੇ ਹਿੰਦੀ ਸਿਨੇਮਾ ‘ਚ ਆਪਣੀ ਵੱਖਰੀ ਪਛਾਣ ਬਣਾਈ | ਮਨੋਜ ਕੁਮਾਰ ਦਾ ਭਾਰਤੀ ਸਿਨੇਮਾ ‘ਚ ਯੋਗਦਾਨ ਲਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੇ ਨਾਮ ਵੱਖ-ਵੱਖ ਸ਼੍ਰੇਣੀਆਂ ਵਿੱਚ ਇੱਕ ਰਾਸ਼ਟਰੀ ਫਿਲਮ ਪੁਰਸਕਾਰ ਅਤੇ ਸੱਤ ਫਿਲਮਫੇਅਰ ਪੁਰਸਕਾਰ ਹਨ। ਭਾਰਤੀ ਕਲਾ ਵਿੱਚ ਉਨ੍ਹਾਂ ਦੇ ਅਥਾਹ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਭਾਰਤ ਸਰਕਾਰ ਨੇ ਮਨੋਜ ਕੁਮਾਰ ਨੂੰ 1992 ‘ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। 2015 ‘ਚ ਮਨੋਜ ਕੁਮਾਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮਨੋਜ ਕੁਮਾਰ ਦਾ ਜਨਮ (Birth of Manoj Kumar)
ਹਰੀਕਿਸ਼ਨ ਗਿਰੀ ਗੋਸਵਾਮੀ (ਮਨੋਜ ਕੁਮਾਰ) ਦਾ ਜਨਮ 24 ਜੁਲਾਈ 1937 ਨੂੰ ਐਬਟਾਬਾਦ ‘ਚ ਹੋਇਆ ਸੀ, ਉਨ੍ਹਾਂ ਦੇ ਪਿਤਾ ਦਾ ਨਾਂ ਐੱਚ.ਐੱਲ. ਗੋਸਵਾਮੀ ਅਤੇ ਮਾਤਾ ਕ੍ਰਿਸ਼ਨਾ ਕੁਮਾਰੀ ਗੋਸਵਾਮੀ ਸਨ | ਐਬਟਾਬਾਦ 1947 ਦੀ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਬਣ ਗਿਆ। ਮਨੋਜ ਕੁਮਾਰ ਦੇ ਮਾਪਿਆਂ ਨੇ ਉਨ੍ਹਾਂ ਦਿਨਾਂ ‘ਚ ਭਾਰਤ ਨੂੰ ਚੁਣਿਆ ਅਤੇ ਦਿੱਲੀ ਆ ਗਏ। ਮਨੋਜ ਕੁਮਾਰ ਨੇ ਵੰਡ ਦਾ ਦਰਦ ਆਪਣੀਆਂ ਅੱਖਾਂ ਨਾਲ ਦੇਖਿਆ। ਮਨੋਜ ਕੁਮਾਰ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਕਾਫ਼ੀ ਸ਼ੌਕ ਸੀ।
ਮਨੋਜ ਕੁਮਾਰ ਦਾ ਪਰਿਵਾਰ (Manoj Kumar’s family)
ਮਨੋਜ ਕੁਮਾਰ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਸ਼ਸ਼ੀ ਗੋਸਵਾਮੀ ਅਤੇ ਦੋ ਪੁੱਤਰ ਕੁਣਵ ਅਤੇ ਵਿਸ਼ਾਲ ਹਨ। ਸ਼ਸ਼ੀ ਗੋਸਵਾਮੀ ਅਤੇ ਮਨੋਜ ਕੁਮਾਰ ਦੀ ਪ੍ਰੇਮ ਕਹਾਣੀ ਕਾਫ਼ੀ ਦਿਲਚਸਪ ਹੈ। ਇਸਦੀ ਸ਼ੁਰੂਆਤ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਹੋਈ। ਸਾਲ 2013 ‘ਚ ਦੋਵਾਂ ਨੇ ਇੱਕ ਪੋਰਟਲ ਨੂੰ ਦਿੱਤੇ ਇੰਟਰਵਿਊ ‘ਚ ਆਪਣੀ ਪ੍ਰੇਮ ਕਹਾਣੀ ਦੀਆਂ ਕਹਾਣੀਆਂ ਸੁਣਾਈਆਂ ਸਨ। ਮਨੋਜ ਕੁਮਾਰ ਗ੍ਰੈਜੂਏਸ਼ਨ ਕਰ ਰਿਹਾ ਸੀ, ਤਾਂ ਉਹ ਆਪਣੇ ਇੱਕ ਦੋਸਤ ਦੇ ਘਰ ਗਿਆ ਹੋਇਆ ਸੀ। ਉੱਥੇ ਹੀ ਉਸਦੀ ਮੁਲਾਕਾਤ ਸ਼ਸ਼ੀ ਨਾਲ ਹੋਈ ਅਤੇ ਉਨ੍ਹਾਂ ਨਾਲ ਪਿਆਰ ਹੋ ਗਿਆ।
ਹਰੀਕਿਸ਼ਨ ਗਿਰੀ ਗੋਸਵਾਮੀ ਤੋਂ ਕਿਵੇਂ ਬਣੇ ਮਨੋਜ ਕੁਮਾਰ ?
ਮਨੋਜ ਕੁਮਾਰ ਅਦਾਕਾਰ ਅਸ਼ੋਕ ਕੁਮਾਰ, ਦਿਲੀਪ ਕੁਮਾਰ ਅਤੇ ਕਾਮਿਨੀ ਕੌਸ਼ਲ ਦੇ ਵੱਡੇ ਫੈਨ ਸਨ। ਉਨ੍ਹਾਂ ਹਰ ਫਿਲਮ ਦੇਖਣਾ ਮਨੋਜ ਕੁਮਾਰ ਨੂੰ ਬਹੁਤ ਪਸੰਦ ਸੀ ਅਤੇ ਦਿਲੀਪ ਕੁਮਾਰ ਦੀਆਂ ਫਿਲਮਾਂ ਤੋਂ ਪ੍ਰਭਾਵਿਤ ਸਨ | ਦਿਲੀਪ ਕੁਮਾਰ ਦੀ ਫਿਲਮ ‘ਸ਼ਬਨਮ’ ਤੋਂ ਪ੍ਰਭਾਵਿਤ ਹੋ ਕੇ ਹਰੀਕਿਸ਼ਨ ਤੋਂ ਬਦਲ ਕੇ ਮਨੋਜ ਕੁਮਾਰ ਰੱਖ ਲਿਆ, ਪਰ ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਨਾਲ ‘ਭਾਰਤ ਕੁਮਾਰ’ ਕਹਿੰਦੇ ਸਨ। ਉਨ੍ਹਾਂ ਨੇ ਕਈ ਸ਼ਾਨਦਾਰ ਦੇਸ਼ ਭਗਤੀ ਵਾਲੀਆਂ ਫਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਮਨੋਜ ਕੁਮਾਰ ਦੀ ਸਿਨੇਮਾ ‘ਚ ਐਂਟਰੀ
ਮਨੋਜ ਕੁਮਾਰ (Manoj Kumar) ਆਪਣੇ ਕਾਲਜ ਦੇ ਦਿਨਾਂ ‘ਚ ਬਹੁਤ ਸੁੰਦਰ ਦਿਖਾਈ ਦਿੰਦੇ ਸਨ ਅਤੇ ਇਸੇ ਕਾਰਨ ਉਹ ਕਾਲਜ ‘ਚ ਥੀਏਟਰ ਵਿੱਚ ਸ਼ਾਮਲ ਹੋ ਗਏ ਅਤੇ ਫਿਰ ਇੱਕ ਦਿਨ ਉਨ੍ਹਾਂ ਨੇ ਦਿੱਲੀ ਤੋਂ ਮੁੰਬਈ ਦਾ ਰਸਤਾ ਚੁਣਿਆ। ਉਨ੍ਹਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 1957 ਦੀ ਫਿਲਮ ‘ਫੈਸ਼ਨ’ ਨਾਲ ਕੀਤੀ ਸੀ। ਇਸ ਤੋਂ ਬਾਅਦ 1960 ‘ਚ ਉਨ੍ਹਾਂ ਦੀ ਫਿਲਮ ‘ਕਾਂਚ ਕੀ ਗੁੜੀਆ’ ਰਿਲੀਜ਼ ਹੋਈ। ਉਹ ਇਸ ਫਿਲਮ ‘ਚ ਮਨੋਜ ਕੁਮਾਰ ਮੁੱਖ ਅਦਾਕਾਰ ਵਜੋਂ ਨਜ਼ਰ ਆਏ, ਜੋ ਕਿ ਕਾਫ਼ੀ ਸਫਲ ਰਹੀ।
ਇਸਤੋਂ ਇਲਾਵਾ ਮਨੋਜ ਕੁਮਾਰ ਨੇ ‘ਉਪਕਾਰ’, ‘ਪੱਥਰ ਕੇ ਸਨਮ’, ‘ਰੋਟੀ ਕਪੜਾ ਔਰ ਮਕਾਨ’, ‘ਸੰਨਿਆਸੀ’ ਅਤੇ ‘ਕ੍ਰਾਂਤੀ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਜ਼ਿਆਦਾਤਰ ਫਿਲਮਾਂ ‘ਚ ਮਨੋਜ ਕੁਮਾਰ ਦਾ ਨਾਮ ‘ਭਾਰਤ ਕੁਮਾਰ’ ਹੁੰਦਾ ਸੀ ਅਤੇ ਇਸ ਕਾਰਨ ਉਹ ਆਪਣੇ ਪ੍ਰਸ਼ੰਸਕਾਂ ‘ਚ ‘ਭਾਰਤ ਕੁਮਾਰ’ ਦੇ ਨਾਮ ਨਾਲ ਮਸ਼ਹੂਰ ਹੋ ਗਏ।
ਮਨੋਜ ਕੁਮਾਰ ਨੇ ਬਹਾਦਰ ਸ਼ਾਸਤਰੀ ਦੇ ਕਹਿਣ ‘ਤੇ ਬਣਾਈ ਫਿਲਮ
ਅਦਾਕਾਰ ਮਨੋਜ ਕੁਮਾਰ ਦੇ ਕਲਾਕਾਰਾਂ ਦੇ ਨਾਲ-ਨਾਲ ਸਿਆਸਤਦਾਨਾਂ ਨਾਲ ਵੀ ਚੰਗੇ ਸਬੰਧ ਸਨ। ਸਾਲ 1965 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ ਅਤੇ ਇਸ ਜੰਗ ਤੋਂ ਬਾਅਦ ਮਨੋਜ ਕੁਮਾਰ ਲਾਲ ਬਹਾਦਰ ਸ਼ਾਸਤਰੀ ਨੂੰ ਮਿਲੇ, ਜਿਸ ‘ਚ ਉਨ੍ਹਾਂ ਨੇ ਅਦਾਕਾਰ ਮਨੋਜ ਕੁਮਾਰ ਨੂੰ ਜੰਗ ਕਾਰਨ ਹੋਈਆਂ ਮੁਸੀਬਤਾਂ ‘ਤੇ ਇੱਕ ਫਿਲਮ ਬਣਾਉਣ ਲਈ ਕਿਹਾ।
ਹਾਲਾਂਕਿ, ਉਸ ਸਮੇਂ ਤੱਕ ਮਨੋਜ ਕੁਮਾਰ ਕੋਲ ਫਿਲਮ ਨਿਰਮਾਣ ਦਾ ਕੋਈ ਤਜਰਬਾ ਵੀ ਨਹੀਂ ਸੀ। ਇਸ ਦੇ ਬਾਵਜੂਦ, ਮਨੋਜ ਕੁਮਾਰ ਨੇ ‘ਜੈ ਜਵਾਨ ਜੈ ਕਿਸਾਨ’ ਨਾਲ ਸਬੰਧਤ ਫਿਲਮ ‘ਉਪਕਾਰ’ ਬਣਾਈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਗਿਆ। ਹਾਲਾਂਕਿ, ਲਾਲ ਬਹਾਦਰ ਸ਼ਾਸਤਰੀ ਖੁਦ ਇਹ ਫਿਲਮ ਨਹੀਂ ਦੇਖ ਸਕੇ। ਲਾਲ ਬਹਾਦਰ ਸ਼ਾਸਤਰੀ ਤਾਸ਼ਕੰਦ ਤੋਂ ਵਾਪਸ ਆਉਣ ਤੋਂ ਬਾਅਦ ਇਹ ਫਿਲਮ ਦੇਖਣ ਜਾ ਰਹੇ ਸਨ, ਪਰਇਸੱਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ |
ਐਮਰਜੈਂਸੀ ਦੌਰਾਨ ਮਨੋਜ ਕੁਮਾਰ ਨੂੰ ਆਈਆਂ ਮੁਸ਼ਕਿਲਾਂ
ਐਮਰਜੈਂਸੀ ਦਾ ਸਮਾਂ ਮਨੋਜ ਕੁਮਾਰ (Manoj Kumar) ਲਈ ਬਹੁਤ ਮੁਸ਼ਕਿਲਾਂ ਸੀ, ਭਾਵੇਂ ਉਨ੍ਹਾਂ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਚੰਗੇ ਸਬੰਧ ਸਨ, ਪਰ ਅਦਾਕਾਰ ਮਨੋਜ ਕੁਮਾਰ ਨੇ ਐਮਰਜੈਂਸੀ ਦਾ ਵਿਰੋਧ ਕੀਤਾ, ਜਿਸ ਕਾਰਨ ਸਰਕਾਰ ਨੂੰ ਨਾਰਾਜ਼ ਕਰ ਦਿੱਤਾ ਸੀ। ਜਿਸਦਾ ਨਤੀਜਾ ਇਹ ਨਿਕਲਿਆ ਕਿ ਮਨੋਜ ਕੁਮਾਰ ਆਪਣੀ ਸੁਪਰਹਿੱਟ ਫਿਲਮ ‘ਸ਼ੋਰ’ ਨੂੰ ਦੁਬਾਰਾ ਸਿਨੇਮਾਘਰਾਂ ‘ਚ ਰਿਲੀਜ਼ ਕਰਨ ਜਾ ਰਹੇ ਸਨ। ਇਸ ਤੋਂ ਪਹਿਲਾਂ ਵੀ ਇਹ ਫਿਲਮ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋ ਚੁੱਕੀ ਸੀ। ਇਸ ਤੋਂ ਇਲਾਵਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਫਿਲਮ ‘ਦਾਸ ਨੰਬਰੀ’ ‘ਤੇ ਪਾਬੰਦੀ ਲਗਾ ਦਿੱਤੀ ਸੀ।
ਕਿਹਾ ਜਾਂਦਾ ਹੈ ਕਿ ਮਨੋਜ ਕੁਮਾਰ ਨੂੰ ਐਮਰਜੈਂਸੀ ‘ਤੇ ਇੱਕ ਦਸਤਾਵੇਜ਼ੀ ਫਿਲਮ ਨਿਰਦੇਸ਼ਤ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਹ ਕਹਾਣੀ ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਸੀ। ਪਰ ਉਨ੍ਹਾਂ ਨੇ ਇਹ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਮਨੋਜ ਕੁਮਾਰ ਨੇ ਅੰਮ੍ਰਿਤਾ ਪ੍ਰੀਤਮ ਨੂੰ ਫ਼ੋਨ ਕਰਕੇ ਕਿਹਾ, “ਕੀ ਤੁਸੀਂ ਇੱਕ ਲੇਖਕ ਵਜੋਂ ਸਮਝੌਤਾ ਕੀਤਾ ਹੈ?” ਅੰਮ੍ਰਿਤਾ ਪ੍ਰੀਤਮ ਇਸ ਤੋਂ ਸ਼ਰਮਿੰਦਾ ਹੋਈ ਅਤੇ ਉਸਨੂੰ ਸਕ੍ਰਿਪਟ ਪਾੜ ਕੇ ਸੁੱਟ ਦੇਣ ਲਈ ਕਿਹਾ।
ਇੱਕ ਸਮੇਂ ਜਦੋਂ ਲੋਕ ਇੱਕ ਅਦਾਕਾਰ ਨੂੰ ਰੋਮਾਂਟਿਕ ਭੂਮਿਕਾ ‘ਚ ਦੇਖਣਾ ਪਸੰਦ ਕਰਦੇ ਸਨ, ਮਨੋਜ ਕੁਮਾਰ ਦੇਸ਼ ਭਗਤੀ ਵਾਲੀਆਂ ਫਿਲਮਾਂ ਵੱਲ ਮੁੜੇ। ਭਾਰਤੀ ਸਿਨੇਮਾ ‘ਚ ਦੀ ਅਦਾਕਾਰੀ ਦੇ ਲੋਕ ਅੱਜ ਵੀ ਕਾਇਲ ਹਨ | ਭਾਰਤੀ ਸਿਨੇਮਾ ਦੇ ਕੀਮਤੀ ਨਗੀਨੇ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦਾ ਜਾਣਾ, ਸਿਨੇਮਾ ਜਗਤ ਨੂੰ ਵੱਡਾ ਘਾਟਾ ਹੈ | ਉਨ੍ਹਾਂ ਦੇ ਭਾਰਤੀ ਸਿਨੇਮਾ ਵੱਡੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ |
Read More: ਜਨਮ ਦਿਨ ‘ਤੇ ਵਿਸ਼ੇਸ਼: ਅਦਾਕਾਰ ਸੁਨੀਲ ਦੱਤ ਦਾ ਬੱਸ ਕੰਡਕਟਰ ਤੋਂ ਬਾਲੀਵੁੱਡ ਤੱਕ ਦਾ ਸਫ਼ਰ