Harjinder Singh Dhami

ਅਕਾਸ਼ਵਾਣੀ ਦੇ ਦਿੱਲੀ ਤੇ ਚੰਡੀਗੜ੍ਹ ਕੇਦਰਾਂ ਤੋਂ ਪੰਜਾਬੀ ਬੁਲੇਟਿਨ ਬੰਦ ਕਰਨਾ ਪੰਜਾਬੀਆਂ ਨਾਲ ਵਿਤਕਰਾ: ਹਰਜਿੰਦਰ ਸਿੰਘ ਧਾਮੀ

ਅੰਮ੍ਰਿਤਸਰ, 27 ਮਈ 2023: ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਤੋਂ ਚਲਦੇ ਅਕਾਸ਼ਵਾਣੀ (Akashwani) ਕੇਂਦਰਾਂ ਤੋਂ ਪੰਜਾਬੀ ਖ਼ਬਰਾਂ ਦੇ ਬੁਲੇਟਿਨ ਬੰਦ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪੰਜਾਬ ਅਤੇ ਪੰਜਾਬੀ ਭਾਸ਼ਾ ਨਾਲ ਵਿਤਕਰੇ ਵਾਲਾ ਹੈ, ਜਿਸ ਨੂੰ ਤੁਰੰਤ ਵਾਪਸ ਲਿਆ ਜਾਵੇ।

ਐਡਵੋਕੇਟ ਧਾਮੀ ਨੇ ਆਖਿਆ ਕਿ ਦਿੱਲੀ ਅੰਦਰ ਵੱਡੀ ਗਿਣਤੀ ’ਚ ਪੰਜਾਬੀ ਵੱਸਦੇ ਹਨ, ਜਦਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਨਾਤੇ ਇਥੋਂ ਪੰਜਾਬੀ ਭਾਸ਼ਾ ਦੇ ਬੁਲੇਟਿਨ ਖਤਮ ਕਰਨੇ ਪੰਜਾਬ ਅਤੇ ਪੰਜਾਬੀਆਂ ਨਾਲ ਵੱਡਾ ਧੱਕਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਚੱਲ ਰਹੇ ਪੰਜਾਬੀ ਦੇ ਬੁਲੇਟਿਨ ਬੰਦ ਕਰਨਾ ਸਰਕਾਰ ਦੀ ਪੱਖਪਾਤੀ ਸੋਚ ਤੋਂ ਸੇਧਿਤ ਹੈ, ਜਿਸ ਨਾਲ ਪੰਜਾਬੀਆਂ ਅੰਦਰ ਨਿਰਾਸ਼ਾ ਪੈਦਾ ਹੋਣੀ ਸੁਭਾਵਿਕ ਹੈ।

ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਖੇਤਰੀ ਭਾਸ਼ਾਵਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਯਤਨ ਕਰਨ, ਪਰ ਹੋ ਇਸ ਦੇ ਉਲਟ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ, ਜਿਸ ’ਤੇ ਸਰਕਾਰ ਨੂੰ ਮੁੜ ਵਿਚਾਰ ਕਰਕੇ ਪਹਿਲਾਂ ਵਾਂਗ ਹੀ ਪੰਜਾਬੀ ਬੁਲੇਟਿਨ ਚਾਲੂ ਰੱਖਣ ਦੇ ਆਦੇਸ਼ ਦੇਣੇ ਚਾਹੀਦੇ ਹਨ।

Scroll to Top