ਚੰਡੀਗੜ੍ਹ, 16 ਜੁਲਾਈ, 2025: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ‘ਚ ਛੋਟੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ “ਦਸਤ ਰੋਕੋ ਮੁਹਿੰਮ 2025” ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ ਖਾਸ ਤੌਰ ‘ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ‘ਦਸਤ’ ਦੀ ਰੋਕਥਾਮ ‘ਤੇ ਕੇਂਦ੍ਰਿਤ ਹੈ। ਪੰਜਾਬ ਦੇ ਸਿਹਤ ਮੰਤਰੀ ਨੇ ਇਸ ਮੌਕੇ ‘ਤੇ ਜਨਤਕ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦਸਤ ਬੱਚਿਆਂ ਦੀ ਮੌਤ ਦਾ ਵੱਡਾ ਕਾਰਨ ਹੈ | ਇਹ ਮੁਹਿੰਮ ਜਾਗਰੂਕਤਾ, ਰੋਕਥਾਮ ਅਤੇ ਸਮੇਂ ਸਿਰ ਇਲਾਜ ਰਾਹੀਂ ਹਰੇਕ ਬੱਚੇ ਦੀ ਸੁਰੱਖਿਆ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਮਾਨਸੂਨ ਦੇ ਉੱਚ-ਜੋਖਮ ਵਾਲੇ ਮਹੀਨਿਆਂ ‘ਤੇ ਕੇਂਦ੍ਰਿਤ, ‘ਰੋਕਥਾਮ-ਬਚਾਅ-ਇਲਾਜ (PPT)’ ਰਣਨੀਤੀ ਅਪਣਾਏਗਾ। ਪੰਜਾਬ ਸਰਕਾਰ ਆਸ਼ਾ ਵਰਕਰਾਂ ਦੀ ਮੱਦਦ ਨਾਲ ਘਰ-ਘਰ ORS-ਜ਼ਿੰਕ ਕਿੱਟਾਂ ਵੰਡੇਗੀ। ਇਸਦੇ ਨਾਲ ਹੀ ਸਾਰੀਆਂ ਸਿਹਤ ਸੰਸਥਾਵਾਂ ਅਤੇ ਆਂਗਣਵਾੜੀਆਂ ਵਿੱਚ ORS-ਜ਼ਿੰਕ ਕਾਰਨਰ ਸਥਾਪਤ ਕੀਤੇ ਜਾਣਗੇ, ਅਤੇ ਸਿਹਤ ਕਰਮਚਾਰੀਆਂ ਨੂੰ ਦਸਤ ਪ੍ਰਬੰਧਨ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਇਲਾਜ ਦੀ ਅਣਹੋਂਦ ਕਰਕੇ ਨਹੀਂ ਮਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਸਿਹਤ ਸਹੂਲਤ ‘ਤੇ ਓਆਰਐਸ, ਜ਼ਿੰਕ, ਆਈਵੀ ਤਰਲ ਪਦਾਰਥ ਅਤੇ ਐਂਟੀਬਾਇਓਟਿਕਸ ਉਪਲਬੱਧ ਹੋਣ।
ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਹੱਥ ਧੋਣ, ਸੁਰੱਖਿਅਤ ਪੀਣ ਵਾਲਾ ਪਾਣੀ, ਦੁੱਧ ਚੁੰਘਾਉਣ, ਸਫਾਈ ਅਤੇ ਟੀਕਾਕਰਨ ਵਰਗੇ ਮਹੱਤਵਪੂਰਨ ਕਾਰਕਾਂ ਬਾਰੇ ਜਾਗਰੂਕਤਾ ਪੈਦਾ ਕਰਨ ‘ਤੇ ਕੇਂਦ੍ਰਿਤ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੱਥਾਂ ਦੀ ਸਫਾਈ, ਸਾਫ਼ ਪਾਣੀ ਅਤੇ ਸਮੇਂ ਸਿਰ ਦੇਖਭਾਲ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾ ਸਕਦੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਸਤ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਲਈ ਸਿੱਖਿਆ, ਮਹਿਲਾ ਅਤੇ ਬਾਲ ਵਿਕਾਸ, ਪਾਣੀ ਅਤੇ ਸੈਨੀਟੇਸ਼ਨ ਅਤੇ ਪੇਂਡੂ ਵਿਕਾਸ ਵਿਭਾਗਾਂ ਨਾਲ ਅੰਤਰ-ਵਿਭਾਗੀ ਤਾਲਮੇਲ ਨੂੰ ਉਤਸ਼ਾਹਿਤ ਕਰ ਰਹੀ ਹੈ।
ਇਸ ਦੌਰਾਨ ਐਸ.ਏ.ਐਸ ਨਗਰ (ਮੋਹਾਲੀ) ਵਿਖੇ ਸਥਿਤ ਸੰਸਥਾ ਪੀਡੂ (ਪਸ਼ੂ ਭਲਾਈ NGO) ਨਾਲ ਰਾਸ਼ਟਰੀ ਰੇਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਇੱਕ ਸਮਝੌਤਾ ਪੱਤਰ (MoU) ‘ਤੇ ਵੀ ਹਸਤਾਖਰ ਕੀਤੇ ਜਿਸ ਤਹਿਤ 2030 ਤੱਕ ਰੇਬੀਜ਼ ਦੇ ਖਾਤਮੇ ਲਈ ਰਾਜ ਕਾਰਜ ਯੋਜਨਾ ਦੀ ਤਿਆਰੀ ਵਾਸਤੇ ਆਪਸੀ ਤਾਲਮੇਲ ਨਾਲ ਯਤਨ ਕਰਨਾ ਸ਼ਾਮਲ ਹੈ। ਇਸ ਪਹਿਲਕਦਮੀ ਚ ਵੱਖ-ਵੱਖ ਹਿੱਸੇਦਾਰਾਂ ਦੀ ਸ਼ਮੂਲੀਅਤ, ਸਿਹਤ ਸਟਾਫ ਦੀ ਸਿਖਲਾਈ ਅਤੇ ਮੋਹਾਲੀ ਜ਼ਿਲ੍ਹੇ ਚ ਐਂਟੀ-ਰੇਬੀਜ਼ ਕਲੀਨਿਕਾਂ, ਜਿਨ੍ਹਾਂ ਦੀ ਗਿਣਤੀ ਭਵਿੱਖ ‘ਚ ਵਧਾਈ ਜਾ ਸਕਦੀ ਹੈ, ‘ਚ ਸਲਾਹ-ਮਸ਼ਵਰਾ ਸੈਸ਼ਨ ਕਰਵਾਉਣਾ ਸ਼ਾਮਲ ਹੈ।
Read More: ਨਸ਼ਾ ਪੀੜਤਾਂ ਲਈ ਏਕੀਕ੍ਰਿਤ ਸਿਹਤ ਸੇਵਾਵਾਂ ਨੂੰ ਤਰਜੀਹ ਦੇਵੇਗੀ ਪੰਜਾਬ ਸਰਕਾਰ: ਡਾ. ਬਲਬੀਰ ਸਿੰਘ