July 4, 2024 3:34 pm
Haryana

ਹਰਿਆਣਾ ‘ਚ ਭਗਵਾ ਯਾਤਰਾ ‘ਤੇ ਪਥਰਾਅ, ਕਈ ਗੱਡੀਆਂ ਸਾੜੀਆਂ, ਇੰਟਰਨੈੱਟ ਸੇਵਾ ਮੁਅੱਤਲ

ਚੰਡੀਗੜ੍ਹ, 31 ਜੁਲਾਈ 2023: ਹਰਿਆਣਾ (Haryana) ਦੇ ਨੂਹ ‘ਚ ਬ੍ਰਜ ਮੰਡਲ ਯਾਤਰਾ ‘ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ, ਜਿਸ ਕਾਰਨ ਕਈ ਜਣੇ ਜ਼ਖਮੀ ਹੋ ਗਏ। ਇਸ ਦੌਰਾਨ ਲੋਕਾਂ ਨੇ ਪੰਜ ਵਾਹਨਾਂ ਨੂੰ ਅੱਗ ਲਾ ਦਿੱਤੀ। ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਨੂਹ ਅਤੇ ਹਥੀਨ ਵਿੱਚ ਇੰਟਰਨੈਟ ਸੇਵਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਕੱਢੀ ਗਈ ਹੈ। ਯਾਤਰਾ ਦੌਰਾਨ ਗੁਰੂਗ੍ਰਾਮ ਤੋਂ ਸੈਂਕੜੇ ਵਾਹਨਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਕਾਰਕੁਨ ਵੀ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਕਰਨ ਲਈ ਇੱਕ ਸ਼ਿਵ ਮੰਦਰ ਨੂਹ ਗਏ ਸਨ । ਯਾਤਰਾ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਾਂਤ ਸੰਘਚਾਲਕ ਪ੍ਰਤਾਪ ਸਿੰਘ ਵੀ ਸ਼ਾਮਲ ਹਨ।

ਜਿਵੇਂ ਹੀ ਯਾਤਰਾ ਸ਼ਿਵ ਮੰਦਰ ਪਹੁੰਚੀ, ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਯਾਤਰਾ ‘ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਭੰਨਤੋੜ ਵੀ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਗੁਰੂਗ੍ਰਾਮ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਦਾ ਕਹਿਣਾ ਹੈ ਕਿ ਯਾਤਰਾ ‘ਤੇ ਅਚਾਨਕ ਹਮਲਾ ਕੀਤਾ ਗਿਆ।

ਹਾਲਾਂਕਿ ਪੁਲਿਸ ਇਸ ਮਾਮਲੇ ਸਬੰਧੀ ਅਜੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਪਰ ਕਿਤੇ ਨਾ ਕਿਤੇ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਹਾਦਸੇ ‘ਚ ਕਿੰਨੇ ਜਣੇ ਜ਼ਖਮੀ ਹੋਏ ਹਨ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਨੂਹ ਬਾਈਪਾਸ ‘ਤੇ ਭਾਰੀ ਪਥਰਾਅ ਹੋ ਰਿਹਾ ਹੈ, ਵਾਹਨਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ ਅਤੇ ਅੱਗਜ਼ਨੀ ਹੋ ਰਹੀ ਹੈ।