ਚੰਡੀਗੜ੍ਹ, 23 ਫਰਵਰੀ 2023: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਬੀਤੇ ਦਿਨੀਂ ਹੋਏ ਮੁਕਾਬਲੇ ਵਿੱਚ ਮਾਰੇ ਗਏ ਤਿੰਨ ਕਥਿਤ ਗੈਂਗਸਟਰ ਤੇਜਿੰਦਰ ਸਿੰਘ ਤੇਜਾ( ਮਹਿੰਦਪੁਰ ਨਵਾਂ ਸ਼ਹਿਰ ), ਵਿਜੇ ਸਹੋਤਾ ਉਰਫ ਮਨੀ ਰਾਹੋਂ, ( ਨਵਾਂ ਸ਼ਹਿਰ ),ਹਰਪ੍ਰੀਤ ਸਿੰਘ ਉਰਫ ਪੀਤਾ ( ਜਲੰਧਰ ਦਿਹਾਤੀ) ਜਿਨ੍ਹਾਂ ਦਾ ਅੱਜ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ |
ਇਸ ਮੌਕੇ ਪਹੁੰਚੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਗੈਂਗਸਟਰ ਕਲਚਰ ਨੂੰ ਵਧਾਵਾ ਦੇਣ ਵਾਲੇ ਸਿਆਸੀ ਲੋਕਾਂ ‘ਤੇ ਵੀ ਕਾਰਵਾਈ ਕੀਤੀ ਜਾਵੇ | ਉਥੇ ਹੀ ਗੈਂਗਸਟਰ ਵਿਜੇ ਸਹੋਤਾ ਉਰਫ ਮਨੀ ਰਾਹੋਂ ਦੇ ਪਿਤਾ ਅਤੇ ਭਰਾ ਨੇ ਇਸ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਅਤੇ ਉਸਦੇ ਸਾਥੀਆਂ ‘ਤੇ ਕਈ ਸਵਾਲ ਖੜੇ ਕੀਤੇ ਹਨ ਅਤੇ ਸਰਕਾਰ ਕੋਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ |
ਦੂਜੇ ਪਾਸੇ ਤੇਜਿੰਦਰ ਸਿੰਘ ਤੇਜਾ ਦੀ ਮਾਂ ਨੇ ਪੁਲਿਸ ਨੂੰ ਹੀ ਆਪਣੇ ਬੇਟੇ ਨੂੰ ਗੈਂਗਸਟਰ ਬਣਾਉਣ ਲਈ ਜਿੰਮੇਵਾਰ ਠਹਿਰਾਇਆ ਹੈ | ਤੇਜਾ ਦੀ ਮਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਇਆ ਹੈ। ਜਦੋਂ ਉਹ ਜੇਲ੍ਹ ਵਿਚ ਸੀ ਤਾਂ ਵੀ ਉਸ ‘ਤੇ ਕਈ ਪਰਚੇ ਦਰਜ ਕੀਤੇ ਗਏ ਸਨ। ਪੁਲਿਸ ਦੇ ਡਰ ਕਾਰਨ ਉਸ ਦੇ ਬੱਚੇ ਉਸ ਨੂੰ ਮਿਲਣ ਲਈ ਵੀ ਘਰ ਨਹੀਂ ਆਏ, ਪਰ ਉਸਨੂੰ ਅੱਜ ਪਤਾ ਲੱਗਾ ਕਿ ਉਸ ਦੇ ਲੜਕੇ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ । ਉਸ ਨੂੰ ਅਫਸੋਸ ਹੈ ਕਿ ਉਹ ਆਪਣੇ ਬੇਟੇ ਨੂੰ ਆਖਰੀ ਵਾਰ ਵੀ ਨਹੀਂ ਮਿਲ ਸਕੀ।