ਲਾਲਜੀਤ ਸਿੰਘ ਭੁੱਲਰ

ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ ਨੂੰ ਮੋਹਾਲੀ ਤੋਂ ਹੋਵੇਗੀ ਸ਼ੁਰੂ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ, 13 ਫ਼ਰਵਰੀ 2023: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ (Lumpy Skin Disease) ਤੋਂ ਬਚਾਅ ਲਈ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ, 2023 ਨੂੰ ਐਸ.ਏ.ਐਸ. ਨਗਰ (ਮੋਹਾਲੀ) ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਸਾਲ ਦੌਰਾਨ ਲੰਪੀ ਸਕਿਨ ਬੀਮਾਰੀ ਤੋਂ ਗਾਵਾਂ ਦੇ ਅਗਾਊਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ ਵਿੱਢਣ ਵਾਸਤੇ ਪੰਜਾਬ ਰਾਜ ਵਿੱਚ 25 ਲੱਖ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਦੇ ਟੀਕਾਕਰਨ ਕਰਨ ਦਾ ਟੀਚਾ ਮਿਥਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਦੂਜੇ ਸੂਬਿਆਂ ਰਾਹੀਂ ਪੰਜਾਬ ਅੰਦਰ ਫੈਲੀ ਇਸ ਬੀਮਾਰੀ ਨਾਲ ਪਸ਼ੂ-ਧਨ ਦਾ ਬਹੁਤ ਨੁਕਸਾਨ ਹੋਇਆ ਸੀ। ਇਹ ਬੀਮਾਰੀ ਮੁੜ ਸੂਬੇ ਵਿੱਚ ਕਿਰਸਾਨੀ, ਪਸ਼ੂ-ਧਨ ਅਤੇ ਸਬੰਧਤ ਕਿੱਤਿਆਂ ਦਾ ਨੁਕਸਾਨ ਨਾ ਕਰ ਸਕੇ, ਇਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਲੰਪੀ ਸਕਿਨ ਬੀਮਾਰੀ (Lumpy Skin Disease) ਦੀ ਰੋਕਥਾਮ ਅਤੇ ਭਵਿੱਖੀ ਰਣਨੀਤੀ ਉਲੀਕਣ ਲਈ ਗਠਤ ਕੀਤੇ ਗਏ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਏ ਫ਼ੈਸਲੇ ਅਨੁਸਾਰ 15 ਫ਼ਰਵਰੀ, 2023 ਤੋਂ ਰਾਜ ਪੱਧਰੀ ਮੈਗਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 75 ਦਿਨ ਤਕ ਚੱਲਣ ਵਾਲੀ ਇਸ ਟੀਕਾਕਰਨ ਮੁਹਿੰਮ ਦੌਰਾਨ 30 ਅਪ੍ਰੈਲ, 2023 ਤੱਕ ਸੂਬੇ ਦੇ ਸਮੁੱਚੇ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਤੇਲੰਗਾਨਾ ਦੇ ਸਰਕਾਰੀ “ਸਟੇਟ ਵੈਟਰਨਰੀ ਬਾਇਉਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ” ਤੋਂ 25 ਲੱਖ ਖ਼ੁਰਾਕਾਂ ਖ਼ਰੀਦ ਕੇ ਲੁਧਿਆਣਾ ਸਥਿਤ ਪੰਜਾਬ ਵੈਟਨਰੀ ਵੈਕਸੀਨ ਸੰਸਥਾ ਵਿਖੇ ਵਿਗਿਆਨਕ ਤਰੀਕੇ ਨਾਲ ਸੁਰੱਖਿਅਤ ਸਟੋਰ ਕੀਤੀਆਂ ਗਈਆਂ ਹਨ, ਜਿਥੋਂ ਇਨ੍ਹਾਂ ਖ਼ੁਰਾਕਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਨੂੰ ਤੇਲੰਗਾਨਾ ਤੋਂ ਟਰਾਂਸਪੋਰਟ ਕਰਦੇ ਸਮੇਂ ਵੈਕਸੀਨ ਦੀ ਗੁਣਵੱਤਾ ਲਈ ਕੋਲਡ ਚੇਨ ਬਰਕਰਾਰ ਰੱਖਣ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ।

ਮੈਗਾ ਟੀਕਾਕਰਨ ਮੁਹਿੰਮ ਲਈ ਕੀਤੇ ਗਏ ਪ੍ਰਬੰਧ

ਇਸ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਡਾਇਰੈਕਟੋਰੇਟ ਵਿਖੇ ਇਕ ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਰੋਜ਼ਾਨਾ ਪ੍ਰਗਤੀ ਦੀ ਪੈਰਵਾਈ ਕਰੇਗਾ ਅਤੇ ਤਾਲਮੇਲ ਰੱਖੇਗਾ। ਵਿਭਾਗ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਰਾਜ ਦੇ ਪਸ਼ੂ ਹਸਪਤਾਲਾਂ ਅਤੇ ਪਸ਼ੂ ਡਿਸਪੈਂਸਰੀਆਂ ਵਿੱਚ ਤੈਨਾਤ ਸਮੂਹ ਵੈਟਨਰੀ ਅਫਸਰ, ਵੈਟਨਰੀ ਇੰਸਪੈਕਟਰ, ਵੈਟਨਰੀ ਫਾਰਮਾਸਿਸਟ ਅਤੇ ਦਰਜਾ ਚਾਰ ਕਰਮਚਾਰੀਆਂ ਤੇ ਆਧਾਰਤ 773 ਟੀਮਾਂ ਬਣਾ ਕੇ ਟੀਕਾਕਰਨ ਕੀਤਾ ਜਾਵੇਗਾ ਅਤੇ ਟੀਕਾਕਰਨ ਦੌਰਾਨ ਕੋਲਡ ਚੇਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਸੰਬਰ 2022 ਵਿੱਚ 77 ਵੈਟਰਨਰੀ ਅਫ਼ਸਰਾਂ ਨੂੰ ਸੀਨੀਅਰ ਵੈਟਰਨਰੀ ਅਫ਼ਸਰਾਂ/ਸਹਾਇਕ ਡਾਇਰੈਕਟਰਾਂ ਵਜੋਂ ਤਰੱਕੀ ਦਿਤੀ ਗਈ ਤਾਂ ਜੋ ਸਮੁੱਚੇ ਪੰਜਾਬ ਵਿੱਚ ਜ਼ਿਲਾ/ਤਹਿਸੀਲ ਪੱਧਰ ‘ਤੇ ਟੀਕਾਕਰਨ ਮੁਹਿੰਮ ਅਤੇ ਹੋਰ ਵਿਭਾਗੀ ਸਕੀਮਾਂ ਦਾ ਸੁਚੱਜਾ ਨਿਰੀਖਣ ਯਕੀਨੀ ਬਣਾਇਆ ਜਾ ਸਕੇ। ਟੀਕਾਕਰਨ ਮੁਹਿੰਮ ਦੇ ਮੱਦੇਨਜ਼ਰ ਵਿਭਾਗ ਵੱਲੋਂ 418 ਵੈਟਰਨਰੀ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ ਜਿਸ ਅਧੀਨ ਤਕਰੀਬਨ 200 ਵੈਟਨਰੀ ਅਫਸਰਾਂ ਨੂੰ ਇਸੇ ਮਹੀਨੇ ਨਿਯੁਕਤੀ ਪੱਤਰ ਦੇ ਕੇ ਤੈਨਾਤ ਕਰ ਦਿੱਤਾ ਜਾਵੇਗਾ ਤਾਂ ਜੋ ਇਹ ਅਧਿਕਾਰੀ ਵੀ ਟੀਕਾਕਰਨ ਦੀ ਇਸ ਰਾਜ ਪਧਰੀ ਮੁਹਿੰਮ ਵਿਚ ਆਪਣਾ ਯੋਗਦਾਨ ਪਾ ਸਕਣ।

ਜ਼ਿਕਰਯੋਗ ਹੈ ਕਿ ਵਿਸ਼ਾਣੂਆਂ ਤੋਂ ਹੋਣ ਵਾਲੀ ਲੰਪੀ ਸਕਿਨ ਬੀਮਾਰੀ ਨੇ ਜੁਲਾਈ 2022 ਵਿੱਚ ਸੂਬੇ ਦੇ ਗਊਧਨ ਨੂੰ ਵੱਡੀ ਪੱਧਰ ‘ਤੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰੀਬ 1.75 ਲੱਖ ਗਊਧਨ ਪ੍ਰਭਾਵਤ ਹੋਇਆ ਸੀ ਅਤੇ ਇਸ ਸਮੇਂ ਦੌਰਾਨ ਲਗਭਗ 18 ਹਜ਼ਾਰ ਗਊਧਨ ਦੀ ਮੌਤ ਹੋਈ ਸੀ।

ਸੂਬਾ ਸਰਕਾਰ ਵੱਲੋਂ ਲੰਪੀ ਸਕਿਨ ਬੀਮਾਰੀ (Lumpy Skin Disease) ਦੀ ਗੰਭੀਰਤਾ ਨੂੰ ਦੇਖਦਿਆਂ ਅਤੇ ਪਸ਼ੂ ਪਾਲਕਾਂ ਦੀ ਆਰਥਿਕਤਾ ਬਚਾਉਣ ਦੇ ਮਕਸਦ ਨਾਲ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ‘ਤੇ ਆਧਾਰਤ ਮੰਤਰੀ ਸਮੂਹ ਦਾ ਗਠਨ ਕੀਤਾ ਗਿਆ ਸੀ। ਮੰਤਰੀ ਸਮੂਹ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ਼ਿਜ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਅਤੇ ਵਿਭਾਗੀ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਬੀਮਾਰੀ ਤੋਂ ਬਚਾਅ, ਪਸ਼ੂਆਂ ਦੇ ਇਲਾਜ ਅਤੇ ਬੀਮਾਰੀ ਦੇ ਹਮਲੇ ਨੂੰ ਰੋਕਣ ਲਈ ਭਵਿੱਖੀ ਰਣਨੀਤੀ ਉਲੀਕਣ ਵਾਸਤੇ ਢੁਕਵੇਂ ਫ਼ੈਸਲੇ ਲਏ ਸਨ ਜਿਸ ਲੜੀ ਵਿੱਚ ਇਹ ਮੁਫ਼ਤ ਟੀਕਾਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਸਰਕਾਰ ਵੱਲੋਂ ਪਿਛਲੇ ਵਰ੍ਹੇ ਅਚਾਨਕ ਇਹ ਮਹਾਂਮਾਰੀ ਫੈਲਣ ‘ਤੇ ਤੁਰੰਤ ਕਦਮ ਚੁੱਕਦਿਆਂ 1.54 ਕਰੋੜ ਰੁਪਏ ਦੀ ਲਾਗਤ ਨਾਲ 10.16 ਲੱਖ ਖ਼ੁਰਾਕਾਂ ਤੇਲੰਗਾਨਾ ਰਾਜ ਤੋਂ ਏਅਰ-ਲਿਫਟ ਕੀਤੀਆਂ ਗਈਆਂ ਅਤੇ ਸੂਬੇ ਦੇ 9.2 ਲੱਖ ਯੋਗ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਗਿਆ ਜਿਸ ਦੇ ਸਿਟੇ ਵੱਜੋਂ ਪਸ਼ੂਧਨ ਦਾ ਵੱਡਾ ਬਚਾਅ ਸੰਭਵ ਹੋ ਸਕਿਆ। ਇਸ ਤੋਂ ਇਲਾਵਾ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਲਈ ਜ਼ਿਲ੍ਹਿਆਂ ਨੂੰ ਦਵਾਈਆਂ ਦੀ ਖ਼ਰੀਦ ਲਈ 1.34 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਪਸ਼ੂ ਪਾਲਣ ਮੰਤਰੀ ਦੀ ਯੋਗ ਅਗਵਾਈ ਵਿੱਚ ਨਿਰੰਤਰ ਕਾਰਜ਼ਸ਼ੀਲ ਹੈ।

Scroll to Top