ਚੰਡੀਗੜ੍ਹ, 02 ਜੂਨ 2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਬਣਦਾ ਦਰਜਾ ਅਤੇ ਸਨਮਾਨ ਦੇਣ ਲਈ ਵਚਨਬੱਧ ਹੈ। ਇਸੇ ਮੰਤਵ ਦੀ ਦਿਸ਼ਾ ਵੱਲ ਵਧਦਿਆਂ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ, ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਅਤੇ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਬੀਤੇ ਦਿਨ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰਾਸ਼ਟਰੀ ਮਹਿਲਾ ਪੱਤਰਕਾਰ (Women Journalists) ਕਾਨਫਰੰਸ ਵਿੱਚ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਸਮਾਜ ਔਰਤਾਂ ਬਿਨ੍ਹਾਂ ਅਧੂਰਾ ਹੈ। ਇਸ ਸਮਾਗਮ ਦਾ ਉਦੇਸ਼ ਮੌਜ਼ੂਦਾ ਸਮੇਂ ਵਿੱਚ ਪੱਤਰਕਾਰੀ ਖੇਤਰਾਂ ਵਿੱਚ ਸਫਲਤਾਪੂਰਵਕ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਵਿੱਚ ਹਿੰਮਤ ਅਤੇ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪੱਤਰਕਾਰਾਂ (Women Journalists) ਲਈ ਰਾਜ ਪੱਧਰੀ ਸਮਾਗਮ ਅਗਲੇ ਸਾਲ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਮਹਿਲਾ ਪੱਤਰਕਾਰਾਂ ਲਈ ਉਹਨਾਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਪਲੇਟਫਾਰਮ ਤਿਆਰ ਕਰਨਾ ਹੈ ਜੋ ਉਹਨਾਂ ਨੂੰ ਆਪਣੇ ਪੇਸ਼ੇ ਵਿੱਚ ਆਉਣ ਵਾਲੀਆ ਮੁਸ਼ਕਿਲਾ ਅਤੇ ਹੱਲ ਲਈ ਅਨੁਕੂਲ ਵਾਤਾਵਰਣ ਨੂੰ ਉਤਸ਼ਾਹਿਤ ਕਰੇਗੀ।
ਲੋਕ ਸੰਪਰਕ ਮੰਤਰੀ ਜੋੜੇਮਾਜਰਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਔਰਤ ਦਾ ਦਰਜਾ ਬਹੁਤ ਵੱਡਾ ਹੈ। ਸਮਾਜ ਵਿੱਚ ਇਸਤਰੀ ਦੀ ਭੂਮਿਕਾ ਇਕ ਮਾਂ, ਭੈਣ ਤੇ ਪਤਨੀ ਦੀ ਹੈ। ਇਸਤਰੀ ਤੋਂ ਬਿਨਾਂ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ। ਇਸ ਲਈ ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਔਰਤਾਂ ਦਾ ਸਨਮਾਣ ਕਰੀਏ।
ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਹ ਵੀ ਕਿਹਾ ਕਿ ਉਸਦੇ ਸਮੇਤ ਅੱਜ ਹਰ ਬਾਪ ਆਪਣੀ ਧੀ ਨੂੰ ਫਿਰ ਭਾਵੇਂ ਉਹ ਪੁਲਿਸ ਵਿੱਚ ਹੀ ਕਿਉਂ ਨਾ ਹੋਵੇ, ਰਾਤ ਵੇਲੇ ਭੇਜਣ ਲਈ ਅਸੁਰੱਖਿਅਤ ਮਹਿਸੂਸ ਕਰਦਾ ਹੈ, ਉਹਨਾਂ ਕਿਹਾ ਕਿ ਇਹ ਸਭ ਕੁਝ ਅਜਿਹੇ ਲੋਕ ਹੀ ਕਰਦੇ ਹਨ ,ਜਿਨ੍ਹਾਂ ਨੂੰ ਧੀ ਭੈਣ ਦੀ ਇੱਜ਼ਤ ਦੇ ਬਾਰੇ ਵਿੱਚ ਬਿਲਕੁਲ ਵੀ ਪਰਵਾਹ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਮਹਿਲਾਵਾਂ ਦੀ ਸੁਰਖਿਆ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜ ਦਾ ਯੁੱਗ ਮਰਦ ਪ੍ਰਧਾਨ ਯੁੱਗ ਨਹੀ ਰਿਹਾ ਬਲਕਿ ਮਹਿਲਾਵਾਂ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਅੱਜ ਦੇ ਯੁੱਗ ਵਿੱਚ ਹਰ ਔਰਤ ਚਾਹੇ ਉਹ ਘਰ ਜਾਂ ਬਾਹਰ ਕੋਈ ਵੀ ਕੰਮ ਕਰ ਰਹੀ ਹੈ ਉਨ੍ਹਾਂ ਵੱਲੋਂ ਕੀਤੇ ਜਾ ਰਿਹਾ ਹਰ ਕੰਮ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਔਰਤਾਂ ਲਈ ਚਹੁੰ ਪੱਖੀ ਵਿਕਾਸ ਕਰਨ ਦਾ ਮੌਕਾ ਹੈ। ਉਨ੍ਹਾਂ ਮਹਿਲਾ ਪੱਤਰਕਾਰਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਔਰਤਾਂ ਵਿੱਚ ਹਰ ਤਰ੍ਹਾਂ ਦਾ ਹੁਨਰ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਧ ਤੋਂ ਵੱਧ ਅੱਗੇ ਆਉਣ ਅਤੇ ਸਮਾਜ ਵਿੱਚ ਆਪਣਾ ਨਾਂ ਰੌਸ਼ਨ ਕਰਨ।
ਇਸ ਮੌਕੇ ਮਹਿਲਾ ਪੱਤਰਕਾਰਾਂ ਨੇ ਆਪਣੇ ਖੇਤਰ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਮੰਗ ਪੱਤਰ ਸੌਪਿਆ। ਮੰਤਰੀ ਵੱਲੋਂ ਜਾਇਜ਼ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਤੇਲੰਗਾਨਾ, ਦਿੱਲੀ ਅਤੇ ਉਡੀਸਾ ਤੋਂ ਆਈਆਂ ਮਹਿਲਾ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ।