SSP

ਥਾਣਿਆਂ ‘ਚੋਂ ਰਿਸ਼ਵਤ ਦੀ ਸ਼ਿਕਾਇਤ ਜਾਂ ਲੋਕਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕੀਤਾ ਤਾਂ SSP ਸਿੱਧੇ ਤੌਰ ‘ਤੇ ਹੋਣਗੇ ਜ਼ਿੰਮੇਵਾਰ: CM ਮਾਨ

ਚੰਡੀਗੜ੍ਹ, 18 ਜੂਨ 2024: ਪੰਜਾਬ ਵਿੱਚ ਨਸ਼ਿਆਂ ਦੀ ਲਾਹਨਤ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਬਹੁ-ਦਿਸ਼ਾਵੀ ਰਣਨੀਤੀ ਤਿਆਰ ਕੀਤੀ ਹੈ। ਇੱਥੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਲੀਸਿੰਗ ਵਿੱਚ ਕਈ ਸੁਧਾਰ ਲਿਆਉਣ ਜਾ ਰਹੀ ਹੈ।

ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਬੈਠਕ ਕੀਤੀ ਤੇ ਕਾਨੂੰਨ ਵਿਵਸਥਾ ਨਾਲ ਜੁੜੇ ਵੱਖ ਵੱਖ ਮਸਲਿਆਂ ‘ਤੇ ਚਰਚਾ ਕੀਤੀ |

ਇਸ ਦੌਰਾਨ ਉਨ੍ਹਾਂ ਨੇ ਨਸ਼ੇ ਨੂੰ ਲੈ ਕੇ ਹੋਰ ਸਖ਼ਤ ਹੋਣ ਦੇ ਨਿਰਦੇਸ਼ ਦਿੱਤੇ ਹਨ | ਸਮੱਗਲਰਾਂ ਦੀ ਜਾਇਦਾਦਾਂ ਅਟੈਚ ਕਰਨ ਤੇ ਪੁਲਿਸ ਅਫਸਰ ਪਿੰਡ ਲੈਵਲ ਤੇ ਲੋਕਾਂ ਨਾਲ ਜ਼ਿਆਦਾ ਰਾਬਤਾ ਰੱਖਣ ਲਈ ਕਿਹਾ ਗਿਆ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਅਫ਼ਸਰਾਂ ਨੂੰ ਸਖ਼ਤੀ ਨਾਲ ਕਿਹਾ ਕਿ ਜੇਕਰ ਥਾਣਿਆਂ ‘ਚੋਂ ਰਿਸ਼ਵਤ ਦੀ ਸ਼ਿਕਾਇਤ ਆਈ ਜਾਂ ਲੋਕਾਂ ਨੂੰ ਨਜਾਇਜ਼ ਪ੍ਰੇਸ਼ਾਨ ਕੀਤਾ ਤਾਂ ਐੱਸ.ਐੱਸ.ਪੀ (SSP) ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ| ਪੁਲਿਸ ਦੀ ਨਫਰੀ ਵਧਾਉਣ ‘ਤੇ ਵੀ ਵਿਚਾਰ-ਵਟਾਂਦਰਾ ਹੋਇਆ |

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਅਹਿਮ ਪਹਿਲਕਦਮੀ ਕਰਦਿਆਂ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਹਨ ਜੋ ਕਿ ਦਰਜਾਬੰਦੀ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਹਨ ਅਤੇ ਲੰਬੇ ਸਮੇਂ ਤੋਂ ਇੱਕ ਥਾਂ ‘ਤੇ ਤਾਇਨਾਤ ਹਨ।

Scroll to Top